ਐਸ਼ੇਜ਼ ਤੋਂ ਪਹਿਲਾਂ ਭਾਰਤ ਵਿਰੁੱਧ ਖੇਡਣਾ ਮਹੱਤਵਪੂਰਨ : ਮਿਸ਼ੇਲ ਮਾਰਸ਼
Tuesday, Oct 14, 2025 - 01:38 PM (IST)

ਸਿਡਨੀ– ਆਸਟ੍ਰੇਲੀਆ ਦੀ ਟੀ-20 ਟੀਮ ਦੇ ਕਪਤਾਨ ਮਿਸ਼ੇਲ ਮਾਰਸ਼ ਦਾ ਮੰਨਣਾ ਹੈ ਕਿ ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਨਾਲ ਮੁਕਾਬਲਾ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਐਸ਼ੇਜ਼ ਲੜੀ ਤੋਂ ਪਹਿਲਾਂ ਕਾਫੀ ਮਹੱਤਵਪੂਰਨ ਹੋਵੇਗਾ।
ਆਸਟ੍ਰੇਲੀਆ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਵਨ ਡੇ ਮੈਚਾਂ ਲਈ ਭਾਰਤ ਦੀ ਮੇਜ਼ਬਾਨੀ ਕਰੇਗਾ, ਜਿਸ ਤੋਂ ਬਾਅਦ 5 ਮੈਚਾਂ ਦੀ ਟੀ-20 ਲੜੀ ਖੇਡੀ ਜਾਵੇਗੀ।
ਮਾਰਸ਼ 50 ਓਵਰਾਂ ਦੇ ਨਿਯਮਤ ਕਪਤਾਨ ਤੇ ਪਿੱਠ ਦੀ ਸੱਟ ਤੋਂ ਉੱਭਰ ਰਹੇ ਪੈਟ ਕਮਿੰਸ ਦੀ ਗੈਰ-ਹਾਜ਼ਰੀ ਵਿਚ ਵਨ ਡੇ ਟੀਮ ਦੀ ਵੀ ਕਪਤਾਨੀ ਕਰੇਗਾ।
ਮਾਰਸ਼ ਨੇ ਇੱਥੇ ਕਿਹਾ, ‘‘ਸਾਡੇ ਸਾਰੇ ਖਿਡਾਰੀ ਐਸ਼ੇਜ਼ ਲਈ ਤਿਆਰੀ ਕਰ ਰਹੇ ਹਨ ਪਰ ਸਾਰਿਆਂ ਨੂੰ ਭਾਰਤ ਵਿਰੁੱਧ ਖੇਡਣਾ ਪਸੰਦ ਹੈ।’’
ਉਸ ਨੇ ਕਿਹਾ, ‘‘ਸਾਡੇ ਵਿਚਾਲੇ ਸ਼ਾਨਦਾਰ ਵਿਰੋਧਤਾ ਹੈ ਤੇ ਇਕ ਟੀਮ ਦੇ ਤੌਰ ’ਤੇ ਅਸੀਂ ਉਨ੍ਹਾਂ ਲਈ ਬਹੁਤ ਸਨਮਾਨ ਰੱਖਦੇ ਹਾਂ। ਮੈਨੂੰ ਲੱਗਦਾ ਹੈ ਕਿ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਭਾਰਤ ਵਿਰੁੱਧ ਖੇਡਣ ਦਾ ਇਹ ਬਿਲਕੁਲ ਸਹੀ ਸਮਾਂ ਹੈ। ਇਹ ਬਹੁਤ ਵੱਡਾ ਮੁਕਾਬਲਾ ਹੋਣ ਵਾਲਾ ਹੈ।’’
ਵਨ ਡੇ ਲੜੀ ਵਿਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਧਾਕੜ ਖਿਡਾਰੀਆਂ ਦੀ ਵੀ ਕੌਮਾਂਤਰੀ ਪੱਧਰ ’ਤੇ ਵਾਪਸੀ ਹੋਵੇਗੀ। ਦੋਵੇਂ ਆਖਰੀ ਵਾਰ ਫਰਵਰੀ ਵਿਚ ਭਾਰਤ ਵੱਲੋਂ ਖੇਡੇ ਸਨ। ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਦੂਜਾ ਤੇ ਤੀਜਾ ਵਨ ਡੇ 23 ਤੇ 25 ਅਕਤੂਬਰ ਨੂੰ ਕ੍ਰਮਵਾਰ ਐਡੀਲੇਡ ਤੇ ਸਿਡਨੀ ਵਿਚ ਖੇਡਿਆ ਜਾਵੇਗਾ।