ਭਾਰਤ ਦੀ ਝਾੜ ਤੋਂ ਬਾਅਦ ਪਾਕਿ ਗ੍ਰਹਿ ਮੰਤਰੀ ਨੇ ਮੰਗੀ ਮੁਆਫ਼ੀ, ਜਾਣੇ ਪੂਰਾ ਮਾਮਲਾ

Wednesday, Oct 01, 2025 - 03:12 PM (IST)

ਭਾਰਤ ਦੀ ਝਾੜ ਤੋਂ ਬਾਅਦ ਪਾਕਿ ਗ੍ਰਹਿ ਮੰਤਰੀ ਨੇ ਮੰਗੀ ਮੁਆਫ਼ੀ, ਜਾਣੇ ਪੂਰਾ ਮਾਮਲਾ

ਸਪੋਰਟਸ ਡੈਸਕ : ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਆਖਰਕਾਰ ਖਤਮ ਹੋ ਗਿਆ ਹੈ। ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਮੁਆਫੀ ਮੰਗ ਲਈ ਹੈ ਅਤੇ ਉਹ ਭਾਰਤ ਨੂੰ ਟਰਾਫੀ ਦੇਣ ਲਈ ਰਾਜ਼ੀ ਹੋ ਗਏ ਹਨ। ਇਹ ਸਭ ਮੰਗਲਵਾਰ ਨੂੰ ਹੋਈ ਏਸੀਸੀ ਦੀ ਮੀਟਿੰਗ ਦੌਰਾਨ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਵੱਲੋਂ ਨਕਵੀ ਨੂੰ ਲਾਈ ਗਈ ਸਖ਼ਤ ਝਾੜ ਤੋਂ ਬਾਅਦ ਸੰਭਵ ਹੋਇਆ।

ਮੀਟਿੰਗ 'ਚ ਕੀ ਹੋਇਆ?

ਸੂਤਰਾਂ ਅਨੁਸਾਰ, ਮੰਗਲਵਾਰ ਨੂੰ ਹੋਈ ਏਸੀਸੀ ਦੀ ਮੀਟਿੰਗ ਦੀ ਸ਼ੁਰੂਆਤ ਵਿੱਚ, ਮੋਹਸਿਨ ਨਕਵੀ ਨੇ ਸਖ਼ਤ ਰਵੱਈਆ ਦਿਖਾਉਂਦੇ ਹੋਏ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ। ਉਨ੍ਹਾਂ ਕਿਹਾ, "ਮੈਂ ਕਾਰਟੂਨ ਵਾਂਗ ਟਰਾਫੀ ਲੈ ਕੇ ਖੜ੍ਹਾ ਰਿਹਾ। ਤੁਹਾਡੇ ਖਿਡਾਰੀ ਮੋਬਾਈਲ 'ਤੇ ਲੱਗੇ ਰਹੇ, ਵੀਡੀਓ ਗੇਮ ਖੇਡਦੇ ਰਹੇ, ਪਰ ਉਨ੍ਹਾਂ ਨੇ ਟਰਾਫੀ ਲੈਣ ਆਉਣ ਦੀ ਤਮੀਜ਼ ਨਹੀਂ ਦਿਖਾਈ। ਹੁਣ ਮੈਂ ਇਸ ਤਰ੍ਹਾਂ ਟਰਾਫੀ ਨਹੀਂ ਦੇਵਾਂਗਾ। ਤੁਸੀਂ ਆਪਣੇ ਕਪਤਾਨ ਨੂੰ ਦੁਬਈ ਭੇਜੋ ਅਤੇ ਉਹ ਮੇਰੇ ਤੋਂ ਟਰਾਫੀ ਲੈ ਜਾਵੇ"।

ਇਸ 'ਤੇ ਰਾਜੀਵ ਸ਼ੁਕਲਾ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ, "ਤੁਸੀਂ ਸੋਚਿਆ ਵੀ ਕਿਵੇਂ ਕਿ ਸਾਡੇ ਖਿਡਾਰੀ ਤੁਹਾਡੇ ਹੱਥੋਂ ਟਰਾਫੀ ਲੈ ਲੈਣਗੇ? ਤੁਸੀਂ ਏਸੀਸੀ ਅਤੇ ਪੀਸੀਬੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹੋ। ਤੁਸੀਂ ਫੁੱਟਬਾਲਰਾਂ ਦੇ ਜਹਾਜ਼ ਡੇਗਣ ਵਰਗੇ ਬੇਤੁਕੇ ਟਵੀਟ ਕੀਤੇ। ਤੁਸੀਂ ਕ੍ਰਿਕਟ ਅਤੇ ਰਾਜਨੀਤੀ ਨੂੰ ਰਲਗੱਡ ਕੀਤਾ ਹੈ"।

ਸ਼ੁਕਲਾ ਨੇ ਅੱਗੇ ਕਿਹਾ ਕਿ ਨਕਵੀ ਨੂੰ ਪਹਿਲਾਂ ਬੀਸੀਸੀਆਈ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਸਪੱਸ਼ਟ ਕੀਤਾ, "ਸਾਡਾ ਕਪਤਾਨ ਮੁੰਬਈ ਵਿੱਚ ਹੈ, ਉਹ ਦੁਬਈ ਕਿਉਂ ਆਵੇਗਾ? ਖਾਸ ਕਰਕੇ ਜਦੋਂ ਮੈਂ ਦੱਸ ਚੁੱਕਾ ਹਾਂ ਕਿ ਖਿਡਾਰੀਆਂ ਨੇ ਤੁਹਾਡੇ ਹੱਥੋਂ ਟਰਾਫੀ ਨਹੀਂ ਲੈਣੀ। ਤੁਸੀਂ ਟਰਾਫੀ ਏਸੀਸੀ ਜਾਂ ਆਈਸੀਸੀ ਨੂੰ ਭੇਜ ਦਿਓ, ਅਸੀਂ ਉੱਥੋਂ ਮੰਗਵਾ ਲਵਾਂਗੇ"।

ਨਕਵੀ ਨੇ ਮੰਗੀ ਮੁਆਫੀ

ਇੰਨੀ ਸਖ਼ਤ ਗੱਲਬਾਤ ਸੁਣਨ ਤੋਂ ਬਾਅਦ ਨਕਵੀ ਦੇ ਤੇਵਰ ਢਿੱਲੇ ਪੈ ਗਏ। ਉਨ੍ਹਾਂ ਕਿਹਾ, "ਰਾਜੀਵ ਜੀ, ਤੁਸੀਂ ਠੀਕ ਕਹਿ ਰਹੇ ਹੋ। ਜੋ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਮੈਂ ਟਰਾਫੀ ਆਈਸੀਸੀ ਨੂੰ ਭੇਜ ਰਿਹਾ ਹਾਂ, ਤੁਸੀਂ ਉੱਥੋਂ ਮੰਗਵਾ ਲਓ"। ਇਸ 'ਤੇ ਰਾਜੀਵ ਸ਼ੁਕਲਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਕੀ ਹੈ ਪੂਰਾ ਵਿਵਾਦ?

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਅਤੇ ਪੀਸੀਬੀ ਚੇਅਰਮੈਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਖਬਰਾਂ ਮੁਤਾਬਕ, ਏਸ਼ੀਆ ਕੱਪ ਦੀ ਟਰਾਫੀ ਫਿਲਹਾਲ ਏਸੀਸੀ ਦੇ ਦਫਤਰ ਵਿੱਚ ਰੱਖੀ ਹੋਈ ਹੈ ਅਤੇ ਜਲਦੀ ਹੀ ਭਾਰਤ ਪਹੁੰਚ ਸਕਦੀ ਹੈ।


author

DILSHER

Content Editor

Related News