ਏਸ਼ੀਆ ਕੱਪ ''ਚ ਭਾਰਤ ਦੀ ਜਿੱਤ ਤੋਂ ਬਾਅਦ ਕਾਂਗਰਸ ਐੱਮਪੀ ਔਜਲਾ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨੂੰ ਮਿਲੇ
Monday, Sep 29, 2025 - 02:37 PM (IST)

ਸਪੋਰਟਸ ਡੈਸਕ- ਅੰਮ੍ਰਿਤਸਰ ਦੇ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਏਸ਼ੀਆ ਕੱਪ 2025 'ਚ ਭਾਰਤ ਦੀ ਜਿੱਤ ਤੋਂ ਬਾਅਦ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਭਿਸ਼ੇਕ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਲਈ ਇਹ ਮਾਣ ਦੀ ਗੱਲ ਹੈ ਕਿ ਇੱਥੋਂ ਦੇ ਨੌਜਵਾਨ ਨੇ "ਪਲੇਅਰ ਆਫ ਦ ਟੂਰਨਾਮੈਂਟ" ਦਾ ਖ਼ਿਤਾਬ ਹਾਸਲ ਕੀਤਾ। ਔਜਲਾ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ 'ਚ ਨਵਾਂ ਕ੍ਰਿਕਟ ਸਟੇਡੀਅਮ ਤਿਆਰ ਹੋ ਰਿਹਾ ਹੈ ਅਤੇ ਅਭਿਸ਼ੇਕ ਸ਼ਰਮਾ ਦਾ ਵਾਪਸੀ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਅਭਿਸ਼ੇਕ ਨੇ ਟੂਰਨਾਮੈਂਟ 'ਚ 314 ਦੌੜਾਂ ਬਣਾ ਕੇ ਸਭ ਤੋਂ ਵੱਧ ਸਕੋਰ ਕਰਨ ਵਾਲੇ ਖਿਡਾਰੀ ਦਾ ਰਿਕਾਰਡ ਬਣਾਇਆ।
ਫਾਈਨਲ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਕੇ ਖਿਤਾਬ ਜਿੱਤਿਆ। ਤਿਲਕ ਵਰਮਾ ਦੀ 69 ਦੌੜਾਂ ਦੀ ਇਨਿੰਗ, ਸੰਜੂ ਸੈਮਸਨ ਅਤੇ ਸ਼ਿਵਮ ਦੁਬੇ ਨਾਲ ਉਸ ਦੀਆਂ ਸਾਂਝੀਆਂ ਪਾਰਟਨਰਸ਼ਿਪਾਂ ਨੇ ਟੀਮ ਨੂੰ 147 ਦੌੜਾਂ ਦਾ ਟੀਚਾ ਪੂਰਾ ਕਰਨ ਵਿੱਚ ਮਦਦ ਕੀਤੀ। ਰਿੰਕੂ ਸਿੰਘ ਨੇ ਜਿੱਤ ਵਾਲਾ ਸ਼ਾਟ ਖੇਡ ਕੇ ਮੈਚ ਖਤਮ ਕੀਤਾ।
ਇਸ ਜਿੱਤ ਤੋਂ ਬਾਅਦ ਦੇਸ਼ ਭਰ ਤੋਂ ਵਧਾਈਆਂ ਆਉਣੀਆਂ ਸ਼ੁਰੂ ਹੋਈਆਂ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਕਿਸਤਾਨ ਨਾਲ ਮੈਚ ਖੇਡਣ ਨੂੰ ਲੈ ਕੇ ਰਾਜਨੀਤਕ ਤਕਰਾਰਾਂ ਹੁਣ ਖਤਮ ਹੋ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਅਨੁਸਾਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੁਰੱਖਿਆ ਕਾਰਣ ਪਾਕਿਸਤਾਨ ਨਾਲ ਮੈਚ ਨਹੀਂ ਹੋਣਾ ਚਾਹੀਦਾ ਸੀ, ਪਰ ਖੇਡਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਵੀ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਤਿਰੰਗਾ ਹਮੇਸ਼ਾ ਇਸੇ ਤਰ੍ਹਾਂ ਲਹਿਰਦਾ ਰਹੇ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਕ੍ਰਿਕਟ ਪ੍ਰੇਮੀ ਇਸ ਜਿੱਤ ਨਾਲ ਬਹੁਤ ਖੁਸ਼ ਹਨ।