ਖਿਡਾਰੀ ਸਟੀਲ ਦੇ ਬਣੇ ਹੁੰਦੇ ਨੇ, ਬਾਹਰੀ ਗੱਲਾਂ ਦਾ ਸਾਡੇ ’ਤੇ ਅਸਰ ਨਹੀਂ ਹੁੰਦਾ : ਰੋਹਿਤ ਸ਼ਰਮਾ
Sunday, Jan 05, 2025 - 03:02 AM (IST)
ਸਿਡਨੀ (ਭਾਸ਼ਾ) – ਰੋਹਿਤ ਸ਼ਰਮਾ ਭਾਵੇਂ ਹੀ ਸਿਡਨੀ ਟੈਸਟ ਮੈਚ ਵਿਚ ਨਹੀਂ ਖੇਡ ਰਿਹਾ ਹੈ ਪਰ ਉਸ ਨੇ ਭਾਰਤੀ ਟੀਮ ਦੇ ਆਪਣੇ ਸਾਥੀਆਂ ਨੂੰ ਬਾਹਰ ਚੱਲ ਰਹੀਆਂ ਗੱਲਾਂ ਤੇ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਤੇ ਆਸਟ੍ਰੇਲੀਆ ਵਿਰੁੱਧ 5ਵਾਂ ਤੇ ਆਖਰੀ ਟੈਸਟ ਮੈਚ ਜਿੱਤ ਕੇ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖਣ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਸਿਡਨੀ ਟੈਸਟ ਵਿਚਾਲੇ ਰੋਹਿਤ ਦੇ ਸੰਨਿਆਸ ਲੈਣ ਦੀਆਂ ਅਫਵਾਹਾਂ ਵੀ ਚੱਲ ਰਹੀਆਂ ਸਨ, ਜਿਸ ਨੇ ਸਥਿਤੀ ਨੂੰ ਗੁੰਝਲਦਾਰ ਬਣਾ ਦਿੱਤਾ ਹੈ।
ਰੋਹਿਤ ਨੇ ਇੱਥੇ ਕਿਹਾ,‘‘ਅਫਵਾਹਾਂ ਸਾਨੂੰ ਪ੍ਰਭਾਵਿਤ ਨਹੀਂ ਕਰਦੀਆਂ ਕਿਉਂਕਿ ਅਸੀਂ ਖਿਡਾਰੀ ਸਟੀਲ ਦੇ ਬਣੇ ਹੁੰਦੇ ਹਾਂ। ਅਸੀਂ ਖਿਡਾਰੀਆਂ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਕੁਝ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਅਸੀਂ ਉਸਦੇ ਬਾਰੇ ਵਿਚ ਚਿੰਤਾ ਨਹੀਂ ਕਰਨਾ ਚਾਹੁੰਦੇ ਹਾਂ। ਅਸੀਂ ਇਸ ’ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਹਾਂ।’’
ਉਸ ਨੇ ਕਿਹਾ,‘‘ਇਸ ਨੂੰ (ਲੀਕ) ਹੋਣ ਦਿਓ। ਅਸੀਂ ਇਸ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਹਾਂ। ਸਿਰਫ ਮੈਚ ਜਿੱਤਣ ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ’ਤੇ ਧਿਆਨ ਕੇਂਦ੍ਰਿਤ ਕਰੀਏ। ਇਹ ਹੀ ਅਸੀਂ ਕਰਨਾ ਚਾਹੁੰਦੇ ਹਾਂ।’’
ਰੋਹਿਤ ਨੇ ਕਿਹਾ,‘‘ਹਰ ਕੋਈ ਮੈਦਾਨ ’ਤੇ ਉਤਰਨਾ ਚਾਹੁੰਦਾ ਹੈ ਤੇ ਮੈਚ ਜਿੱਤਣਾ ਚਾਹੁੰਦਾ ਹੈ। ਅਸੀਂ ਸਾਰੇ ਅਫਵਾਹਾਂ ’ਤੇ ਰੋਕ ਲਗਾਉਣਾ ਚਾਹੁੰਦੇ ਹਾਂ। ਮੈਨੂੰ ਦੱਸੋ, ਕਿਹੜੀ ਹੋਰ ਟੀਮ ਨੇ ਇੱਥੇ ਦੋ ਵਾਰ ਲੜੀ ਜਿੱਤੀ ਹੈ। ਸਾਡੇ ਕੋਲ ਸੁਨਹਿਰੀ ਮੌਕਾ ਹੈ। ਅਸੀਂ ਲੜੀ ਤਾਂ ਨਹੀਂ ਜਿੱਤ ਸਕਦੇ ਪਰ ਇਸ ਨੂੰ ਡਰਾਅ ਕਰਵਾ ਸਕਦੇ ਹਾਂ।’’
ਰੋਹਿਤ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਨਵੇਂ ਸਾਲ ਦੇ ਟੈਸਟ ’ਚੋਂ ਹਟਣ ਦਾ ਫੈਸਲਾ ਨਿੱਜੀ ਪੱਧਰ ’ਤੇ ਮੁਸ਼ਕਿਲ ਸੀ। ਉਸ ਨੇ ਕਿਹਾ, ‘‘ਕਦੇ-ਕਦੇ ਇਹ ਮੁਸ਼ਕਿਲ ਹੁੰਦਾ ਹੈ। ਮੈਂ ਖੇਡਣ ਲਈ ਇੰਨੀ ਦੂਰ ਆਇਆ ਹਾਂ। ਮੈਂ ਬਾਹਰ ਬੈਠ ਕੇ ਇੰਤਜ਼ਾਰ ਕਰਨ ਨਹੀਂ ਆਇਆ ਹਾਂ। ਮੈਂ ਖੇਡਣਾ ਚਾਹੁੰਦਾ ਹਾਂ ਤੇ ਮੈਚ ਜਿੱਤਣਾ ਚਾਹੁੰਦਾ ਹਾਂ। ਜਦੋਂ ਮੈਂ 2007 ਵਿਚ ਪਹਿਲੀ ਵਾਰ ਭਾਰਤੀ ਡ੍ਰੈਸਿੰਗ ਰੂਮ ਦਾ ਹਿੱਸਾ ਬਣਿਆ ਸੀ ਤਦ ਤੋਂ ਮੇਰਾ ਇਕਲੌਤਾ ਟੀਚਾ ਟੀਮ ਲਈ ਮੈਚ ਜਿੱਤਣਾ ਰਿਹਾ ਹੈ।’’
ਕਿਤੇ ਜਾ ਨਹੀਂ ਰਿਹਾ, ਸਿਰਫ ਇਸ ਟੈਸਟ ’ਚੋਂ ਬਾਹਰ ਹੋਇਆ ਹਾਂ
ਰੋਹਿਤ ਨੇ ਆਪਣੇ ਸੰਨਿਆਸ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਉਹ ਕਿਤੇ ਨਹੀਂ ਜਾ ਰਿਹਾ ਹੈ ਤੇ ਆਸਟ੍ਰੇਲੀਆ ਵਿਰੁੱਧ ਸਿਡਨੀ ਟੈਸਟ ਵਿਚੋਂ ਬਾਹਰ ਰਹਿਣ ਦਾ ਕਾਰਨ ਖਰਾਬ ਫਾਰਮ ਹੈ। ਰੋਹਿਤ ਨੇ ਕਿਹਾ,‘‘ਮੈਂ ਸੰਨਿਆਸ ਨਹੀਂ ਲਿਆ ਹੈ। ਮੈਂ ਬਾਹਰ ਹੋਇਆ ਹਾਂ। ਮੈਂ ਕੋਚ ਤੇ ਚੋਣਕਾਰਾਂ ਨਾਲ ਇਹ ਗੱਲ ਕੀਤੀ ਹੈ ਕਿ ਮੈਂ ਦੌੜਾਂ ਨਹੀਂ ਬਣਾ ਪਾ ਰਿਹਾ ਹਾਂ, ਫਾਰਮ ਵਿਚ ਨਹੀਂ ਹਾਂ ਤੇ ਇਸ ਮਹੱਤਵਪੂਰਨ ਮੈਚ ਵਿਚ ਸਾਨੂੰ ਅਜਿਹੇ ਖਿਡਾਰੀ ਚਾਹੀਦੇ ਹਨ ਜਿਹੜੇ ਫਾਰਮ ਵਿਚ ਹਨ।’’