ਪੰਜਾਬੀ ਆ ਗਏ ਓਏ...! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

Sunday, Apr 19, 2026 - 11:34 PM (IST)

ਪੰਜਾਬੀ ਆ ਗਏ ਓਏ...! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ 29ਵੇਂ ਮੁਕਾਬਲੇ ਵਿੱਚ ਐਤਵਾਰ ਨੂੰ ਪੰਜਾਬ ਕਿੰਗਜ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਦੀ ਟੀਮ ਇਸ ਸੀਜ਼ਨ ਵਿੱਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀ ਅਤੇ ਅੰਕ ਸੂਚੀ ਵਿੱਚ ਸਿਖਰ 'ਤੇ ਬਰਕਰਾਰ ਹੈ।

ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਪੰਜਾਬ ਦੇ ਬੱਲੇਬਾਜ਼ਾਂ ਨੇ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤਾ। ਹਾਲਾਂਕਿ ਪੰਜਾਬ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਹਿਲੇ ਹੀ ਓਵਰ ਵਿੱਚ ਮੁਹੰਮਦ ਸ਼ਮੀ ਨੇ ਪ੍ਰਭਸਿਮਰਨ ਸਿੰਘ ਨੂੰ ਆਊਟ ਕਰ ਦਿੱਤਾ, ਪਰ ਇਸ ਤੋਂ ਬਾਅਦ ਮੈਦਾਨ 'ਤੇ ਚੌਕੇ-ਛੱਕਿਆਂ ਦਾ ਅਜਿਹਾ ਤੂਫ਼ਾਨ ਆਇਆ ਜਿਸ ਨੇ ਲਖਨਊ ਦੇ ਹੋਸ਼ ਉਡਾ ਦਿੱਤੇ। ਪ੍ਰਿਯਾਂਸ਼ ਆਰੀਆ ਅਤੇ ਕੂਪਰ ਕੋਨੋਲੀ ਵਿਚਕਾਰ 80 ਗੇਂਦਾਂ ਵਿੱਚ 182 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਹੋਈ।

ਪ੍ਰਿਯਾਂਸ਼ ਆਰੀਆ ਨੇ ਮਹਿਜ਼ 37 ਗੇਂਦਾਂ ਵਿੱਚ 93 ਦੌੜਾਂ ਠੋਕੀਆਂ, ਜਿਸ ਵਿੱਚ 4 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਦੂਜੇ ਪਾਸੇ ਕੂਪਰ ਕੋਨੋਲੀ ਨੇ 46 ਗੇਂਦਾਂ ਵਿੱਚ 87 ਦੌੜਾਂ ਦੀ ਪਾਰੀ ਖੇਡੀ ਅਤੇ 7 ਸ਼ਾਨਦਾਰ ਛੱਕੇ ਜੜੇ। ਇਨ੍ਹਾਂ ਦੀਆਂ ਪਾਰੀਆਂ ਦੇ ਦਮ 'ਤੇ ਪੰਜਾਬ ਕਿੰਗਜ਼ ਨੇ 7 ਵਿਕਟਾਂ ਗੁਆ ਕੇ 254 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

255 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਠੀਕ-ਠਾਕ ਰਹੀ। ਮਿਚੇਲ ਮਾਰਸ਼ (40 ਦੌੜਾਂ) ਅਤੇ ਆਯੂਸ਼ ਬਦੋਨੀ ਨੇ ਪਹਿਲੇ ਵਿਕਟ ਲਈ 61 ਦੌੜਾਂ ਜੋੜੀਆਂ, ਪਰ ਛੇਵੇਂ ਓਵਰ ਵਿੱਚ ਬਦੋਨੀ ਦੇ ਆਊਟ ਹੁੰਦੇ ਹੀ ਰਫ਼ਤਾਰ ਮੱਠੀ ਪੈ ਗਈ। ਕਪਤਾਨ ਰਿਸ਼ਭ ਪੰਤ ਨੇ 23 ਗੇਂਦਾਂ ਵਿੱਚ 43 ਦੌੜਾਂ ਬਣਾ ਕੇ ਉਮੀਦ ਜਗਾਈ, ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਲਖਨਊ ਦੀ ਪਾਰੀ ਲੜਖੜਾ ਗਈ। ਅੰਤ ਵਿੱਚ ਲਖਨਊ ਦੀ ਟੀਮ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਦੇ 6 ਮੈਚਾਂ ਵਿੱਚ 11 ਅੰਕ ਹੋ ਗਏ ਹਨ ਅਤੇ ਉਹ ਟੇਬਲ ਟਾਪਰ ਬਣੀ ਹੋਈ ਹੈ। ਦੂਜੇ ਪਾਸੇ, ਲਖਨਊ ਦੀ ਟੀਮ 6 ਮੈਚਾਂ ਵਿੱਚ ਸਿਰਫ਼ 4 ਅੰਕ ਹੀ ਹਾਸਲ ਕਰ ਸਕੀ ਹੈ।


author

Rakesh

Content Editor

Related News