ਲੀਜੈਂਡਸ ਲੀਗ ਕ੍ਰਿਕਟ ਦੇ ਦੂਜੇ ਗੇੜ ''ਚ ਖੇਡਣਗੇ ਪਾਰਥਿਵ ਪਟੇਲ
Saturday, Jul 16, 2022 - 01:17 PM (IST)
ਨਵੀਂ ਦਿੱਲੀ, (ਭਾਸ਼ਾ)- ਸਾਬਕਾ ਭਾਰਤੀ ਵਿਕਟਕੀਪਰ ਪਾਰਥਿਵ ਪਟੇਲ ਮੁੜ ਕ੍ਰਿਕਟ ਖੇਡਦੇ ਨਜ਼ਰ ਆਉਣਗੇ, ਉਹ ਸਤੰਬਰ 'ਚ ਲੀਜੈਂਡਸ ਲੀਗ ਕ੍ਰਿਕਟ (ਐੱਲ. ਐੱਲ. ਸੀ.) ਦੇ ਦੂਜੇ ਸੈਸ਼ਨ 'ਚ ਹਿੱਸਾ ਲੈਣਗੇ। ਤਿੰਨ ਹੋਰ ਖਿਡਾਰੀ- ਸਪਿਨਰ ਪ੍ਰਗਿਆਨ ਓਝਾ, ਆਲ ਰਾਊਂਡਰ ਰਿਤਿੰਦਰ ਸੋਢੀ ਤੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ- ਨੇ ਵੀ ਲੀਗ ਦੀ ਖਿਡਾਰੀ ਡਰਾਫਟ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਪੁਸ਼ਟੀ ਕਰ ਦਿੱਤੀ ਹੈ।
ਪਾਰਥਿਵ ਇਸ ਤਰ੍ਹਾਂ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੂਸੁਫ਼ ਪਠਾਨ, ਹਰਭਜਨ ਸਿੰਘ, ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਬ੍ਰੇਟ ਲੀ, ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਤੇ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਸਾਬਕਾ ਕਪਤਾਨ ਈਓਨ ਮੋਰਗਨ ਦੇ ਨਾਲ ਜੁੜ ਜਾਣਗੇ। ਐੱਲ. ਐੱਲ. ਸੀ. ਦੇ ਦੂਜੇ ਸੈਸ਼ਨ 'ਚ ਚਾਰ ਟੀਮਾਂ ਤੇ 110 ਸਾਬਕਾ ਕੌਮਾਂਤਰੀ ਕ੍ਰਿਕਟਰ ਖੇਡਣਗੇ।
ਮੀਡੀਆ ਬਿਆਨ ਦੇ ਮੁਤਾਬਕ ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਥਿਸਾਰਾ ਪਰੇਰਾ ਵੀ ਲੀਗ ਨਾਲ ਜੁੜ ਗਏ ਹਨ। ਟੂਰਨਾਮੈਂਟ ਦਾ ਸ਼ੁਰੂਆਤੀ ਗੇੜ ਓਮਾਨ 'ਚ ਖੇਡਿਆ ਗਿਆ ਸੀ ਜਿਸ 'ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਆਸਟਰੇਲੀਆ ਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰਾਂ ਨੇ ਭਾਰਤ, ਏਸ਼ੀਆ ਤੇ ਵਰਲਡ ਇਲੈਵਨ ਤਿੰਨ ਟੀਮਾਂ ਦੀ ਨੁਮਾਇੰਦਗੀ ਕੀਤੀ ਸੀ।