ਪੈਰਿਸ ਪੈਰਾਲੰਪਿਕਸ: ਅਵਨੀ, ਮੋਨਾ ਨੇ 10 ਮੀਟਰ ਏਅਰ ਰਾਈਫਲ ਫਾਈਨਲ ਲਈ ਕੀਤਾ ਕੁਆਲੀਫਾਈ

Friday, Aug 30, 2024 - 03:06 PM (IST)

ਪੈਰਿਸ: ਟੋਕੀਓ ਖੇਡਾਂ ਦੀ ਸੋਨ ਤਮਗਾ ਜੇਤੂ ਚੋਟੀ ਦੀ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ (ਐੱਸਐੱਚ1) ਦੇ ਕੁਆਲੀਫ਼ਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ। ਪਿਛਲੇ ਇੱਕ ਸਾਲ ਤੋਂ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹਮਵਤਨ ਮੋਨਾ ਅਗਰਵਾਲ ਨੇ ਵੀ ਪੰਜਵੇਂ ਸਥਾਨ 'ਤੇ ਰਹਿੰਦੇ ਹੋਏ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਇਸ ਨਾਲ ਭਾਰਤ ਕੋਲ ਮੁਕਾਬਲੇ ਵਿੱਚ ਦੋ ਤਮਗੇ ਜਿੱਤਣ ਦਾ ਮੌਕਾ ਹੈ। ਡਿਫੈਂਡਿੰਗ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਬਣਾਇਆ ਅਤੇ ਇਰੀਨਾ ਸ਼ਚੇਤਨਿਕ ਨੂੰ ਪਿੱਛੇ ਛੱਡ ਦਿੱਤਾ। ਇਰੀਨਾ ਨੇ 627.5 ਦੇ ਸਕੋਰ ਨਾਲ ਪੈਰਾਲੰਪਿਕ ਕੁਆਲੀਫਿਕੇਸ਼ਨ ਰਾਊਂਡ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। ਦੋ ਵਾਰ ਦੀ ਵਿਸ਼ਵ ਕੱਪ ਸੋਨ ਤਮਗਾ ਜੇਤੂ ਮੋਨਾ ਨੇ ਆਪਣੇ ਪਹਿਲੇ ਪੈਰਾਲੰਪਿਕ ਵਿੱਚ ਹਿੱਸਾ ਲੈਂਦਿਆਂ 623.1 ਦਾ ਸਕੋਰ ਬਣਾਇਆ।
ਅਵਨੀ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕਸ ਵਿੱਚ ਐੱਸਐੱਚ1 ਵਰਗ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੀ ਪੈਰਾ ਐਥਲੀਟ ਬਣ ਗਈ ਸੀ। ਉਨ੍ਹਾਂ ਨੇ ਟੋਕੀਓ ਪੈਰਾਲੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਮਗਾ ਅਤੇ 50 ਮੀਟਰ ਰਾਈਫਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਕਾਰ ਦੁਰਘਟਨਾ ਵਿੱਚ ਆਪਣੇ ਹੇਠਲੇ ਸਰੀਰ 'ਤੇ ਗੰਭੀਰ ਸੱਟ ਲੱਗਣ ਤੋਂ ਬਾਅਦ ਅਵਨੀ ਵ੍ਹੀਲਚੇਅਰ ਦੀ ਵਰਤੋਂ ਕਰਦੀ ਹੈ। ਸ਼ੂਟਿੰਗ ਵਿੱਚ ਐੱਸਐੱਚ1 ਸ਼੍ਰੇਣੀ ਵਿੱਚ ਅਜਿਹੇ ਨਿਸ਼ਾਨੇਬਾਜ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੇ ਆਪਣੀਆਂ ਬਾਹਾਂ, ਹੇਠਲੇ ਧੜ, ਲੱਤਾਂ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਉਨ੍ਹਾਂ ਦੇ ਹੱਥਾਂ ਜਾਂ ਲੱਤਾਂ ਵਿੱਚ ਵਿਗਾੜ ਹੁੰਦਾ ਹੈ।


Aarti dhillon

Content Editor

Related News