Paris Olympics : ਅਰਜੁਨ ਬਬੂਤਾ 10 ਮੀਟਰ ਏਅਰ ਰਾਈਫਲ ਈਵੈਂਟ ਦੇ ਫਾਈਨਲ ''ਚ ਪਹੁੰਚੇ

Sunday, Jul 28, 2024 - 05:49 PM (IST)

ਸਪੋਰਟਸ ਡੈਸਕ- ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਐਤਵਾਰ ਨੂੰ ਇੱਥੇ ਕੁਆਲੀਫਿਕੇਸ਼ਨ ਵਿੱਚ ਸੱਤਵੇਂ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ। 25 ਸਾਲਾ ਬਬੂਤਾ ਨੇ 105.7, 104.9, 105.5, 105.4, 104.0 ਅਤੇ 104.6 ਅੰਕਾਂ ਦੀ ਲੜੀ ਨਾਲ ਕੁੱਲ 630.1 ਅੰਕ ਬਣਾਏ। ਬਬੂਤਾ ਸੋਮਵਾਰ ਨੂੰ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਤਮਗੇ ਲਈ ਚੁਣੌਤੀ ਪੇਸ਼ ਕਰਨਗੇ। ਉਹ ਸ਼ਨੀਵਾਰ ਨੂੰ ਰਮਿਤਾ ਜਿੰਦਲ ਦੇ ਨਾਲ ਮਿਕਸਡ ਟੀਮ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ। ਭਾਰਤੀ ਜੋੜੀ ਕੁਆਲੀਫਿਕੇਸ਼ਨ ਵਿੱਚ ਛੇਵੇਂ ਸਥਾਨ ’ਤੇ ਰਹੀ ਸੀ।
ਸਾਲ 2016 ਤੋਂ ਰਾਸ਼ਟਰੀ ਟੀਮ ਵਿੱਚ ਸ਼ਾਮਲ ਚੰਡੀਗੜ੍ਹ ਦੇ ਬਬੂਤਾ ਨੇ ਪਿਛਲੇ ਸਾਲ ਚਾਂਗਵੋਨ ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਰਾਹੀਂ ਓਲੰਪਿਕ ਕੋਟਾ ਹਾਸਲ ਕੀਤਾ ਸੀ। ਆਰਮੀ ਦੇ ਸੰਦੀਪ ਸਿੰਘ 629.3 ਅੰਕਾਂ ਨਾਲ ਇਸੇ ਈਵੈਂਟ ਵਿੱਚ 12ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਏ। ਇਸ ਦੇ ਨਾਲ ਹੀ ਪੈਰਿਸ ਖੇਡਾਂ ਵਿੱਚ ਸੰਦੀਪ ਦੀ ਮੁਹਿੰਮ ਦਾ ਅੰਤ ਹੋ ਗਿਆ। ਉਨ੍ਹਾਂ ਨੇ ਅਪ੍ਰੈਲ-ਮਈ ਵਿੱਚ ਹੋਏ ਚੋਣ ਟਰਾਇਲਾਂ ਵਿੱਚ ਵਿਸ਼ਵ ਚੈਂਪੀਅਨ ਰੁਦਰਾਕਸ਼ ਪਾਟਿਲ ਨੂੰ ਪਛਾੜ ਕੇ ਪਹਿਲੀ ਵਾਰ ਓਲੰਪਿਕ ਵਿੱਚ ਖੇਡਣ ਦਾ ਹੱਕ ਹਾਸਲ ਕੀਤਾ। ਚੀਨ ਦੇ ਸ਼ੇਂਗ ਲਿਹਾਓ 631.7 ਅੰਕਾਂ ਨਾਲ ਕੁਆਲੀਫਾਇੰਗ ਦੌਰ 'ਚ ਸਿਖਰ 'ਤੇ ਰਹੇ।


Aarti dhillon

Content Editor

Related News