Paralympics :  ਭਾਰਤੀ ਖਿਡਾਰੀਆਂ ਲਈ ਇਨਾਮ ਦੀ ਐਲਾਨ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਰਾਸ਼ੀ

Tuesday, Sep 10, 2024 - 05:24 PM (IST)

ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਹਾਲ ਹੀ ਵਿਚ ਸਮਾਪਤ ਹੋਈਆਂ ਪੈਰਿਸ ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ, ਜਿਸ ਵਿਚ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ, ਚਾਂਦੀ ਦਾ ਤਮਗਾ ਜੇਤੂਆਂ ਨੂੰ 50 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂਆਂ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। ਤੀਰਅੰਦਾਜ਼ ਸ਼ੀਤਲ ਦੇਵੀ ਵਰਗੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ 22.5 ਲੱਖ ਰੁਪਏ ਦਿੱਤੇ ਜਾਣਗੇ। ਖੇਡ ਮੰਤਰੀ ਨੇ ਇਹ ਐਲਾਨ ਇੱਥੇ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ ਕੀਤਾ।
ਮਾਂਡਵੀਆ ਨੇ 2028 ਲਾਸ ਏਂਜਲਸ ਪੈਰਾਲੰਪਿਕਸ ਵਿੱਚ ਹੋਰ ਤਮਗੇ ਜਿੱਤਣ ਲਈ ਪੈਰਾ ਐਥਲੀਟਾਂ ਨੂੰ ਪੂਰਾ ਸਹਿਯੋਗ ਅਤੇ ਸਹੂਲਤਾਂ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ, “ਦੇਸ਼ ਪੈਰਾਲੰਪਿਕ ਅਤੇ ਪੈਰਾ ਖੇਡਾਂ ਵਿੱਚ ਅੱਗੇ ਵੱਧ ਰਿਹਾ ਹੈ। 2016 ਵਿੱਚ 4 ਤਮਗਿਆਂ ਵਿੱਚੋਂ, ਭਾਰਤ ਨੇ ਟੋਕੀਓ ਵਿੱਚ 19 ਤਮਗੇ, ਪੈਰਿਸ ਵਿੱਚ 29 ਤਮਗੇ ਜਿੱਤੇ ਅਤੇ 18ਵੇਂ ਸਥਾਨ ’ਤੇ ਰਿਹਾ।”
ਮਾਂਡਵੀਆ ਨੇ ਕਿਹਾ, “ਅਸੀਂ ਆਪਣੇ ਸਾਰੇ ਪੈਰਾ ਐਥਲੀਟਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਾਂਗੇ ਤਾਂ ਜੋ ਅਸੀਂ 2028 ਲਾਸ ਏਂਜਲਸ ਪੈਰਾਲੰਪਿਕਸ ਵਿੱਚ ਹੋਰ ਜ਼ਿਆਦਾ ਤਮਗੇ ਅਤੇ ਸੋਨ ਤਗਮੇ ਜਿੱਤ ਸਕੀਏ। ਭਾਰਤ ਨੇ ਪੈਰਿਸ ਪੈਰਾਲੰਪਿਕ ਵਿੱਚ ਆਪਣੀ ਇਤਿਹਾਸਕ ਮੁਹਿੰਮ ਦੀ ਸਮਾਪਤੀ 29 ਤਮਗਿਆਂ ਨਾਲ ਕੀਤੀ ਜਿਸ 'ਚ ਸੱਤ ਸੋਨ, ਨੌ ਚਾਂਦੀ ਅਤੇ 13 ਕਾਂਸੀ ਤਮਗੇ ਸ਼ਾਮਲ ਹਨ ਜੋ ਪ੍ਰਤੀਯੋਗਿਤ ਦੇ ਇਤਿਹਾਸ 'ਚ ਦੇਸ਼ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ 50 ਤਮਗਿਆਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਪੈਰਾਲੰਪਿਕ ਮੈਡਲ ਜੇਤੂਆਂ ਦਾ ਮੰਗਲਵਾਰ ਨੂੰ ਘਰ ਪਰਤਣ 'ਤੇ ਸੈਂਕੜੇ ਪ੍ਰਸ਼ੰਸਕਾਂ ਵੱਲੋਂ ਫੁੱਲਾਂ, ਹਾਰਾਂ ਅਤੇ ਮਠਿਆਈਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ।

 


Aarti dhillon

Content Editor

Related News