ਪੈਰਾ ਐਥਲੀਟ ਦੀਪਾ ਮਲਿਕ ‘ਰਾਜੀਵ ਗਾਂਧੀ ਖੇਲ ਰਤਨ’ ਐਵਾਰਡ ਨਾਲ ਸਨਮਾਨਿਤ

08/29/2019 5:27:05 PM

ਜਲੰਧਰ : ਪੈਰਾ ਐਥਲੀਟ ਦੀਪਾ ਮਲਿਕ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਖੇਲ ਰਤਨ ਨਾਲ ਸਨਮਾਨਿਤ ਹੋਣ ਵਾਲੀ ਦੀਪਾ ਭਾਰਤ ਦੀ ਪਹਿਲੀ ਮਹਿਲਾ ਪੈਰਾ ਐਥਲੀਟ ਹੈ। ਦੀਪਾ ਮਲਿਕ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੋਂ ਇਲਾਵਾ, ਸ਼ਲਾਘਾ ਪੱਤਰ ਅਤੇ ਸਾਢੇ ਸੱਤ ਲੱਖ ਰੁਪਏ ਦਾ ਨਕਦ ਪੁਰਸਕਾਰ ਵੀ ਦਿੱਤਾ ਗਿਆ ਹੈ। ਦੀਪਾ ਮਲਿਕ ਭਾਰਤ ਦੀ ਪਹਿਲੀ ਮਹਿਲਾ ਐਥਲੀਟ ਹੈ ਜਿਸ ਨੇ ਪੈਰਾ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ। ਦੀਪਾ ਪਿਛਲੇ 19 ਸਾਲਾਂ ਤੋਂ ਵ੍ਹਹੀਲ ਚੇਅਰ ’ਤੇ ਹੈ। ਉਸਦੀ ਛਾਤੀ ਤੋਂ ਹੇਠਲਾ ਹਿੱਸਾ ਲਕਵਾਗ੍ਰਸਤ ਹੈ। ਇਸਦੇ ਬਾਵਜੂਦ ਉਹ ਕੌਮਾਂਤਰੀ ਪੱਧਰ ’ਤੇ ਜੈਵਲਿਨ ਅਤੇ ਸ਼ਾਟਪੁੱਟ ਖੇਡਦੀ ਹੈ।

PunjabKesari

ਦੀਪਾ ਦੇ ਨਾਲ ਵਿਸ਼ਵ ਦੇ ਨੰਬਰ ਇਕ ਪਹਿਲਵਾਨ ਬਜਰੰਗ ਨੂੰ ਖੇਲ ਰਤਨ ਮਿਲਣਾ ਸੀ ਪਰ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਵਿਦੇਸ਼ ਵਿਚ ਆਪਣੀ ਟ੍ਰੇਨਿੰਗ ਵਿਚ ਰੁੱਝੇ ਹੋਣ  ਕਾਰਣ ਬਜਰੰਗ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕਿਆ। ਬਜਰੰਗ ਨੂੰ ਬਾਅਦ ਵਿਚ ਇਹ ਸਨਮਾਨ ਪ੍ਰਦਾਨ ਕੀਤਾ ਜਾਵੇਗਾ।
ਦੀਪਾ ਮਲਿਕ ਪੈਰਾਲੰਪਿਕ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਉਸ ਨੇ ਹੁਣ ਤਕ 58 ਰਾਸ਼ਟਰੀ ਤੇ 23 ਕੌਮਾਂਤਰੀ ਤਮਗੇ ਜਿੱਤੇ ਹਨ। ਦੀਪਾ ਨੂੰ ਇਸ ਤੋਂ ਪਹਿਲਾਂ ਪਦਮਸ਼੍ਰੀ ਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੀਪਾ ਵ੍ਹੀਲਚੇਅਰ ’ਤੇ ਜਦੋਂ ਇਹ ਸਨਮਾਨ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਨੇ ਖੁਦ ਆਪਣੀ ਜਗ੍ਹਾ ਤੋਂ ਅੱਗੇ ਆ ਕੇ ਉਸ ਨੂੰ ਇਹ ਐਵਾਰਡ ਪ੍ਰਦਾਨ ਕੀਤਾ। ਉਸ ਸਮੇਂ ਪੂਰਾ ਦਰਬਾਰ ਹਾਲ ਤਾਲੀਆਂ ਦੀ ਗੜਗੜਾਹਟ ਨਾਲ ਗੂੰਝ ਰਿਹਾ ਸੀ। 

PunjabKesari

ਰਾਜੀਵ ਗਾਂਧੀ ਖੇਲ ਰਤਨ ਐਵਾਰਡ ਵਿਚ ਦੀਪਾ ਮਲਿਕ ਨੂੰ ਤਮਗਾ, ਪ੍ਰਸ਼ੰਸਾ ਪੱਤਰ ਦੇ ਇਲਾਵਾ ਸਾਢੇ ਸੱਤ ਲੱਕ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਅਰਜੁਨ ਐਵਾਰਡ ਤੇ ਧਿਆਨਚੰਦ ਪੁਰਸਕਾਰ ਜੇਤੂਆਂ ਨੂੰ ਟਰਾਫੀ, ਪ੍ਰਸ਼ੰਸਾ ਪੱਤਰ ਤੇ 5-5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਵੈਸਟਇੰਡੀਜ਼ ਦੌਰੇ ਵਿਚ ਰੁੱਝੇ ਹੋਣ ਕਾਰਣ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕਿਆ। ਉਸ ਨੂੰ ਅਰਜੁਨ ਐਵਾਰਡ ਬਾਅਦ ਵਿਚ ਪ੍ਰਦਾਨ ਕੀਤਾ ਜਾਵੇਗਾ। ਇਸ ਸਾਲ ਕੁਲ 19 ਖਿਡਾਰੀਆਂ ਨੂੰ ਅਰਜੁਨ ਐਵਾਰਡਾਂ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿਚੋਂ 18 ਖਿਡਾਰੀਆਂ ਨੇ ਰਾਸ਼ਟਰਪਤੀ ਹੱਥੋਂ ਆਪਣਾ ਅਰਜੁਨ ਐਵਾਰਡ ਹਾਸਲ ਕੀਤਾ। ਸਮਾਰੋਹ ਵਿਚ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਵੀ ਸ਼ਾਮਲ ਸਨ। 


Related News