ਖੁਦ ਨੂੰ ਧੋਨੀ ਦਾ ਉਤਰਾਧਿਕਾਰੀ ਨਾ ਸਮਝੇ ਪੰਤ, ਭਾਰਤੀ ਟੀਮ ਦੇ ਮੁੱਖ ਚੋਣਕਾਰ ਨੇ ਦਿੱਤੀ ਸਲਾਹ
Thursday, Nov 28, 2019 - 01:44 PM (IST)

ਸਪੋਰਟਸ ਡੈਸਕ : ਭਾਰਤੀ ਟੀਮ ਦੇ ਮੁੱਖ ਚੋਣਕਾਰ ਐੱਮ. ਐੱਸ. ਕੇ ਪ੍ਰਸ਼ਾਦ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਖੁਦ ਨੂੰ ਐੱਮ. ਐੱਸ. ਧੋਨੀ ਦਾ ਉਤਰਾਧਿਕਾਰੀ ਮੰਨ ਕੇ ਆਪਣੇ 'ਤੇ ਗੈਰਜ਼ਰੂਰੀ ਦਬਾਅ ਵਧਾ ਰਹੇ ਹਨ। ਪ੍ਰਸ਼ਾਦ ਨੇ ਕਿਹਾ ਕਿ ਖਰਾਬ ਫਾਰਮ ਨਾਲ ਜੂਝ ਰਹੇ ਇਸ ਖਿਡਾਰੀ ਨੂੰ ਵਾਪਸੀ ਲਈ ਆਪਣੇ ਹੈਰਾਨ ਕਰਨ ਵਾਲੇ ਹੁਨਰ ਦਾ ਸਹਾਰਾ ਲੈਣਾ ਚਾਹੀਦਾ ਹੈ। ਕੁਝ ਸਮੇਂ ਪਹਿਲਾਂ ਪੰਤ ਤਿਨੋ ਫਾਰਮੈੱਟ 'ਚ ਵਿਕਟਕੀਪਿੰਗ ਲਈ ਪਹਿਲੀ ਪਸੰਦ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਉਹ ਫਾਰਮ ਹਾਸਲ ਕਰਨ 'ਚ ਅਸਫਲ ਰਹੇ ਹਨ। ਦੱਸ ਦਈਏ ਕਿ ਟੀਮ ਦੇ ਚੋਟੀ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਉਸ ਦੇ ਆਲੋਚਕਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਇਕੱਲਾ ਛੱਡ ਦੇਣ ਅਤੇ ਖੁੱਲ੍ਹ ਕੇ ਖੇਡਣ ਦੇਣ, ਜਦਕਿ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਭਾਰਤ ਲਈ ਖੇਡਗਾ ਤਾਂ ਦਬਾਅ ਹੋਣਾ ਤੈਅ ਹੈ।
ਪ੍ਰਸ਼ਾਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਰੋਹਿਤ ਅਤੇ ਸੁਨੀਲ ਸਰ ਦੀਆਂ ਗੱਲਾਂ ਨਾਲ ਸਹਿਮਤ ਹਾਂ। ਰਿਸ਼ਭ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ। ਉਸ ਨੂੰ ਲੈਅ ਹਾਸਲ ਕਰਨ ਲਈ ਕੁਝ ਚੰਗੀਆਂ ਪਾਰੀਆਂ ਦੀ ਜ਼ਰੂਰਤ ਹੈ। ਟੀਮ ਮੈਨੇਜਮੈਂਟ ਨਾਲ ਮੇਰੀ ਚਰਚਾ ਹੋਈ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪੰਤ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪੰਤ ਨੂੰ ਅਹਿਸਾਸ ਹੋਣਾ ਚਾਹੀਦੈ ਕਿ ਉਸ ਦੀ ਆਪਣੀ ਪਹਿਚਾਣ ਹੈ ਅਤੇ ਉਸ ਨੂੰ ਕਦੇ ਵੀ ਐੱਮ. ਐੱਸ. ਡੀ. (ਧੋਨੀ) ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ ਪਰ ਮੈਨੂੰ ਲਗਦਾ ਹੈ ਕਿ ਉਸ ਦੇ ਦਿਮਾਗ ਵਿਚ ਕੁਝ ਅਜਿਹਾ ਚਲ ਰਿਹਾ ਹੈ। ਧੋਨੀ ਨੇ ਲੱਗਭਗ ਡੇਢ ਦਹਾਕੇ ਤਕ ਕ੍ਰਿਕਟ ਖੇਡ ਕੇ ਆਪਣੀ ਇਕ ਪਹਿਚਾਣ ਬਣਾਈ ਹੈ। ਉਸ ਦਾ ਆਤਮਵਿਸ਼ਵਾਸ ਘਰੇਲੂ ਅਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਧਿਆ ਹੈ।