ਪਾਕਿ ਦੀਆਂ 6 ਵਿਕਟਾਂ ’ਤੇ 129 ਦੌੜਾਂ, 200 ਦੌੜਾਂ ਦੀ ਬਣਾਈ ਬੜ੍ਹਤ
Sunday, Feb 07, 2021 - 01:56 AM (IST)
ਰਾਵਲਪਿੰਡੀ– ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਪਾਕਿਸਤਾਨ ਨੇ ਸ਼ਨੀਵਾਰ ਨੂੰ ਦੂਜੇ ਤੇ ਆਖਰੀ ਟੈਸਟ ਦੇ ਤੀਜੇ ਦਿਨ ਦੱਖਣੀ ਅਫਰੀਕਾ ਵਿਰੁੱਧ ਆਪਣੀ ਦੂਜੀ ਪਾਰੀ ਵਿਚ ਬੜ੍ਹਤ 200 ਦੌੜਾਂ ਦੀ ਕਰ ਲਈ ਹੈ। ਆਲਰਾਊਂਡਰ ਫਹੀਮ ਅਸ਼ਰਫ ਤੇ ਮੁਹੰਮਦ ਰਿਜ਼ਵਾਨ ਦੇ ਲਗਾਤਾਰ ਗੇਂਦਾਂ ’ਤੇ ਕੈਚ ਛੁੱਟੇ, ਜਿਸ ਤੋਂ ਬਾਅਦ ਦੋਵਾਂ ਨੇ ਛੇਵੀਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸਟੰਪਸ ਤਕ ਪਾਕਿਸਤਾਨ ਨੇ 6 ਵਿਕਟਾਂ ਗੁਆ ਕੇ 129 ਦੌੜਾਂ ਬਣਾ ਲਈਆਂ ਸਨ। ਰਿਜ਼ਵਾਨ 28 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦਕਿ ਅਸ਼ਰਫ ਸੈਸ਼ਨ ਦੇ ਅੰਤ ਵਿਚ ਜਾਰਜ ਲਿੰਡੇ (12 ਦੌੜਾਂ ’ਤੇ 3 ਵਿਕਟਾਂ) ਦਾ ਤੀਜਾ ਸ਼ਿਕਾਰ ਬਣਿਆ। ਉਸ ਨੇ 29 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹਸਨ ਅਲੀ ਦੀਆਂ 5 ਵਿਕਟਾਂ ਲੈਣ ਨਾਲ ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 71 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕੀਤੀ। ਪਾਕਿਸਤਾਨ ਨੇ ਹਾਲਾਂਕਿ ਦੂਜੀ ਪਾਰੀ ਵਿਚ ਆਪਣੇ ਸਲਾਮੀ ਬੱਲੇਬਾਜ਼ ਆਬਿਦ ਅਲੀ (13) ਤੇ ਇਮਰਾਨ ਬਟ (ਜੀਰੋ) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ ਸਨ, ਜਿਸ ਨਾਲ ਚਾਹ ਤਕ ਦੂਜੀ ਪਾਰੀ ਵਿਚ ਉਸਦਾ ਸਕੋਰ 2 ਵਿਕਟਾਂ ’ਤੇ 42 ਦੌੜਾਂ ਸੀ। ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 272 ਦੌੜਾਂ ਬਣਾਈਆਂ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।