ਪਾਕਿਸਤਾਨ ਡਬਲਯੂਟੀਸੀ ਟੇਬਲ ''ਚ ਅੱਠਵੇਂ ਸਥਾਨ ''ਤੇ ਖਿਸਕਿਆ
Tuesday, Aug 27, 2024 - 06:13 PM (IST)
ਦੁਬਈ,(ਭਾਸ਼ਾ) ਪਾਕਿਸਤਾਨ ਰਾਵਲਪਿੰਡੀ ਵਿਚ ਬੰਗਲਾਦੇਸ਼ ਖਿਲਾਫ ਖੇਡੇ ਗਏ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ 10 ਵਿਕਟਾਂ ਦੀ ਹਾਰ ਤੇ ਹੌਲੀ ਓਵਰ ਰਫਤਾਰ ਲਈ ਪੈਨਲਟੀ ਕਾਰਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਟੇਬਲ ਵਿਚ ਅੱਠਵੇਂ ਸਥਾਨ 'ਤੇ ਖਿਸਕ ਗਿਆ ਹੈ। ਪਾਕਿਸਤਾਨ ਛੇ ਮੈਚਾਂ ਤੋਂ ਬਾਅਦ 16 ਅੰਕਾਂ ਅਤੇ 22.22 ਦੀ ਜਿੱਤ ਪ੍ਰਤੀਸ਼ਤ ਦੇ ਨਾਲ ਅੱਠਵੇਂ ਸਥਾਨ 'ਤੇ ਹੈ। ਉਹ ਸਿਰਫ਼ ਵੈਸਟਇੰਡੀਜ਼ ਤੋਂ ਅੱਗੇ ਹੈ। ਐਤਵਾਰ ਨੂੰ ਖਤਮ ਹੋਏ ਮੈਚ 'ਚ ਪਾਕਿਸਤਾਨ ਖਿਲਾਫ ਪਹਿਲੀ ਜਿੱਤ ਦਰਜ ਕਰਨ ਵਾਲੀ ਬੰਗਲਾਦੇਸ਼ 21 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ। ਉਸ ਨੇ ਹੁਣ ਤੱਕ ਆਪਣੇ ਪੰਜ ਮੈਚਾਂ ਵਿੱਚੋਂ ਦੋ ਵਿੱਚ ਜਿੱਤ ਦਰਜ ਕੀਤੀ ਹੈ।
ਪਾਕਿਸਤਾਨ ਲਈ ਸਥਿਤੀ ਹੋਰ ਨਿਰਾਸ਼ਾਜਨਕ ਹੋ ਗਈ ਹੈ ਕਿਉਂਕਿ ਉਸ ਨੇ ਪਹਿਲੇ ਟੈਸਟ ਵਿੱਚ ਹੌਲੀ ਓਵਰ-ਰੇਟ ਬਣਾਈ ਰੱਖੀ ਸੀ। ਉਸ ਨੇ ਨਿਰਧਾਰਤ ਸਮੇਂ ਵਿੱਚ ਛੇ ਓਵਰ ਘੱਟ ਗੇਂਦਬਾਜ਼ੀ ਕੀਤੀ ਅਤੇ ਇਸ ਲਈ ਉਸ ਦੇ ਛੇ ਡਬਲਯੂਟੀਸੀ ਅੰਕ ਗੁਆਏ। ਬੰਗਲਾਦੇਸ਼ ਨੇ ਵੀ ਨਿਰਧਾਰਤ ਸਮੇਂ ਵਿੱਚ ਤਿੰਨ ਓਵਰ ਘੱਟ ਕੀਤੇ ਅਤੇ ਇਸ ਕਾਰਨ ਉਸ ਨੂੰ ਤਿੰਨ ਅੰਕ ਗੁਆਉਣੇ ਪਏ। ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਸ਼ੁੱਕਰਵਾਰ ਤੋਂ ਰਾਵਲਪਿੰਡੀ 'ਚ ਖੇਡਿਆ ਜਾਵੇਗਾ। ਭਾਰਤ ਨੌਂ ਮੈਚਾਂ ਵਿੱਚੋਂ ਛੇ ਜਿੱਤ ਕੇ 74 ਅੰਕਾਂ ਅਤੇ 68.52 ਦੀ ਜਿੱਤ ਪ੍ਰਤੀਸ਼ਤਤਾ ਨਾਲ ਡਬਲਯੂਟੀਸੀ ਸੂਚੀ ਵਿੱਚ ਸਿਖਰ 'ਤੇ ਹੈ।