ਪਾਕਿਸਤਾਨ ਨੇ ਵਹਾਬ ਰਿਆਜ਼ ਅਤੇ ਅਬਦੁਲ ਰੱਜ਼ਾਕ ਨੂੰ ਰਾਸ਼ਟਰੀ ਚੋਣਕਾਰਾਂ ਦੇ ਅਹੁਦੇ ਤੋਂ ਕੀਤਾ ਬਰਖਾਸਤ

Wednesday, Jul 10, 2024 - 03:59 PM (IST)

ਲਾਹੌਰ, (ਭਾਸ਼ਾ) ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ਵਿਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਬਕਾ ਟੈਸਟ ਕ੍ਰਿਕਟਰਾਂ ਵਹਾਬ ਰਿਆਜ਼ ਅਤੇ ਅਬਦੁਲ ਰਜ਼ਾਕ ਨੂੰ ਉਨ੍ਹਾਂ ਦੀ ਚੋਣ ਕਮੇਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਹਾਬ ਅਤੇ ਰਜ਼ਾਕ ਉਸ ਕਮੇਟੀ ਦਾ ਹਿੱਸਾ ਸਨ ਜਿਸਦਾ ਕੋਈ ਚੇਅਰਮੈਨ ਨਹੀਂ ਸੀ ਅਤੇ ਇਸ ਵਿੱਚ ਰਾਸ਼ਟਰੀ ਟੀਮ ਦਾ ਕਪਤਾਨ, ਮੁੱਖ ਕੋਚ ਅਤੇ ਇੱਕ ਡੇਟਾ ਐਨਾਲਿਸਟ ਸ਼ਾਮਲ ਸਨ। 

ਪੀਸੀਬੀ ਨੇ ਇਕ ਬਿਆਨ 'ਚ ਕਿਹਾ, ''ਪਾਕਿਸਤਾਨ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਅਬਦੁਲ ਰਜ਼ਾਕ ਅਤੇ ਵਹਾਬ ਰਿਆਜ਼ ਨੂੰ ਸੂਚਿਤ ਕਰ ਦਿੱਤਾ ਹੈ ਕਿ ਰਾਸ਼ਟਰੀ ਚੋਣ ਕਮੇਟੀ 'ਚ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਰਹੇਗੀ। ਨਵੀਂ ਚੋਣ ਕਮੇਟੀ ਦੀ ਬਣਤਰ ਬਾਰੇ ਸਮਾਂ ਆਉਣ 'ਤੇ ਸੂਚਿਤ ਕੀਤਾ ਜਾਵੇਗਾ।'' ਰਜ਼ਾਕ ਪੁਰਸ਼ਾਂ ਅਤੇ ਮਹਿਲਾ ਦੋਵਾਂ ਦੀ ਚੋਣ ਕਮੇਟੀਆਂ 'ਚ ਸੀ ਜਦਕਿ ਵਹਾਬ ਸਿਰਫ਼ ਪੁਰਸ਼ਾਂ ਦੀ ਚੋਣ ਕਮੇਟੀ ਦਾ ਹਿੱਸਾ ਸੀ। 

ਵਹਾਬ ਨੇ ਪਿਛਲੇ ਸਾਲ ਨਵੰਬਰ 'ਚ ਇਹ ਜ਼ਿੰਮੇਵਾਰੀ ਸੰਭਾਲੀ ਸੀ। ਉਹ ਸੀਨੀਅਰ ਟੀਮ ਮੈਨੇਜਰ ਵਜੋਂ ਟੀ-20 ਵਿਸ਼ਵ ਕੱਪ ਵਿੱਚ ਵੀ ਗਿਆ ਸੀ। ਬੋਰਡ ਨੇ ਵਹਾਬ ਅਤੇ ਰਜ਼ਾਕ ਨੂੰ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ। ਸਾਬਕਾ ਟੈਸਟ ਬੱਲੇਬਾਜ਼ ਮੁਹੰਮਦ ਯੂਸਫ ਅਤੇ ਅਸਦ ਸ਼ਫੀਕ ਪੈਨਲ ਦੇ ਦੋ ਬਾਕੀ ਰਾਸ਼ਟਰੀ ਚੋਣਕਾਰ ਹਨ। ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਲੀਗ ਪੜਾਅ ਤੋਂ ਅੱਗੇ ਨਹੀਂ ਵਧ ਸਕੀ। ਇਸ ਨੂੰ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਅਮਰੀਕਾ ਅਤੇ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 


Tarsem Singh

Content Editor

Related News