ਇੰਗਲੈਂਡ ਦੇ ਪਾਕਿਸਤਾਨੀ ਮੂਲ ਦੇ ਖਿਡਾਰੀਆਂ ਨੂੰ ਵੀਜ਼ਾ ਮਿਲਿਆ, ਹੋਰਨਾਂ ਨੂੰ ਵੀ ਜਲਦ ਮਿਲੇਗੀ ਮਨਜ਼ੂਰੀ
Monday, Jan 19, 2026 - 11:01 AM (IST)
ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਾਰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੇ ਪਾਕਿਸਤਾਨੀ ਮੂਲ ਦੇ ਸਾਰੇ 42 ਖਿਡਾਰੀਆਂ ਤੇ ਅਧਿਕਾਰੀਆਂ ਲਈ ਵੀਜ਼ਾ ਸਬੰਧੀ ਰਸਮੀ ਕਾਰਵਾਈਆਂ ਨੂੰ ਸੁਚਾਰੂ ਬਣਾਉਣ ਲਈ ਕਦਮ ਚੁੱਕੇ ਹਨ।
ਇੰਗਲੈਂਡ ਦੀ ਟੀਮ ਵਿਚ ਪਾਕਿਸਤਾਨੀ ਮੂਲ ਦੇ ਕ੍ਰਿਕਟਰਾਂ ਵਿਚ ਸਪਿੰਨਰ ਆਦਿਲ ਰਾਸ਼ਿਦ, ਰੇਹਾਨ ਅਹਿਮਦ ਤੇ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਸ਼ਾਮਲ ਹਨ। ਅਮਰੀਕਾ ਦੀ ਟੀਮ ਵਿਚ ਅਲੀ ਖਾਨ ਤੇ ਸ਼ਾਯਨ ਜਹਾਂਗੀਰ ਤੇ ਨੀਦਰਲੈਂਡ ਦੀ ਟੀਮ ਵਿਚ ਜੁਲਫਿਕਾਰ ਸਾਕਿਬ ਵਰਗੇ ਪਾਕਿਸਤਾਨੀ ਮੂਲ ਦੇ ਕੁਝ ਖਿਡਾਰੀ ਸ਼ਾਮਲ ਹਨ।
ਪਤਾ ਲੱਗਾ ਹੈ ਕਿ ਇੰਗਲੈਂਡ ਦੇ ਖਿਡਾਰੀਆਂ ਰਾਸ਼ਿਦ, ਰੇਹਾਨ ਤੇ ਸਾਕਿਬ ਦੀਆਂ ਵੀਜ਼ਾ ਐਪਲੀਕੇਸ਼ਨਾਂ ਪਹਿਲਾਂ ਹੀ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਨੀਦਰਲੈਂਡ ਦੀ ਟੀਮ ਦੇ ਮੈਂਬਰਾਂ ਤੇ ਕੈਨੇਡਾ ਦੇ ਸਹਿਯੋਗੀ ਸਟਾਫ ਦੇ ਮੈਂਬਰ ਸ਼ਾਹ ਸਲੀਮ ਜਫਰ ਨੂੰ ਵੀ ਵੀਜ਼ਾ ਮਿਲ ਚੁੱਕਾ ਹੈ। ਸੰਯੁਕਤ ਅਰਬ ਅਮੀਰਾਤ, ਅਮਰੀਕਾ, ਇਟਲੀ, ਬੰਗਲਾਦੇਸ਼ ਤੇ ਕੈਨੇਡਾ ਦੀ ਟੀਮ ਵਿਚ ਸ਼ਾਮਲ ਪਾਕਿਸਤਾਨੀ ਰਾਸ਼ਟਰੀਅਤਾ ਜਾਂ ਪਾਕਿਸਤਾਨੀ ਮੂਲ ਦੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਵੀਜ਼ਾ ਉਪਲੱਬਧ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਟੀਮਾਂ ਲਈ ਵੀਜ਼ਾ ਉਪਲੱਬਧ ਕਰਵਾਉਣ ਲਈ ਜ਼ਰੂਰੀ ਕਾਰਵਾਈ ਲਈ ਅਗਲੇ ਹਫਤੇ ਦੀ ਮਿਤੀ ਤੈਅ ਕਰ ਦਿੱਤੀ ਗਈ ਹੈ, ਜਿਸ ਨਾਲ ਸੰਕੇਤ ਮਿਲਦਾ ਹੈ ਕਿ ਪ੍ਰਕਿਰਿਆ ਆਪਣੇ ਆਖਰੀ ਪੜਾਅ ਵਿਚ ਪਹੁੰਚ ਗਈ ਹੈ। ਮੁਕਾਬਲੇਬਾਜ਼ਾਂ ਲਈ ਵੀਜ਼ਾ ਜਾਰੀ ਕਰਨ ਦੀ ਆਖਰੀ ਮਿਤੀ 31 ਜਨਵਰੀ ਹੈ।
