ਖਿਡਾਰੀਆਂ ਵਿਚਾਲੇ ਆਪਸੀ ਮਤਭੇਦਾਂ ਕਾਰਣ ਭਾਰਤ ਹੱਥੋਂ ਹਾਰੇ : ਪਾਕਿ ਮੀਡੀਆ

Monday, Jun 17, 2019 - 08:37 PM (IST)

ਖਿਡਾਰੀਆਂ ਵਿਚਾਲੇ ਆਪਸੀ ਮਤਭੇਦਾਂ ਕਾਰਣ ਭਾਰਤ ਹੱਥੋਂ ਹਾਰੇ : ਪਾਕਿ ਮੀਡੀਆ

ਕਰਾਚੀ— ਭਾਰਤ ਹੱਥੋਂ ਵਿਸ਼ਵ ਕੱਪ ਦੇ ਮੈਚ ਵਿਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਲਈ ਸਥਾਨਕ ਮੀਡੀਆ ਨੇ ਖਿਡਾਰੀਆਂ ਵਿਚਾਲੇ ਆਪਸੀ ਮਤਭੇਦਾਂ ਅਤੇ ਕਪਤਾਨ ਸਰਫਰਾਜ਼ ਅਹਿਮਦ ਤੋਂ ਨਾਖੁਸ਼ੀ ਨੂੰ ਜ਼ਿੰਮੇਵਾਰ ਠਹਿਰਾਇਆ। ਪਾਕਿਸਤਾਨ ਕ੍ਰਿਕਟ ਜਗਤ ਲਈ ਭਾਰਤ ਹੱਥੋਂ ਕਿਤੇ ਵੀ ਮਿਲਣ ਵਾਲੀ ਹਾਰ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ। ਮਾਨਚੈਸਟਰ ਵਿਚ ਕੱਲ ਮਿਲੀ ਹਾਰ ਤੋਂ ਬਾਅਦ ਮੀਡੀਆ ਹੁਣ ਹਾਰ ਦੇ ਕਾਰਣਾਂ ਦੀ ਪੜਤਾਲ ਵਿਚ ਰੁੱਝ ਗਿਆ ਹੈ।

PunjabKesari
'ਸਮਾ' ਨਿਊਜ਼ ਚੈਨਲ ਨੇ ਕਿਹਾ ਕਿ ਆਊਟ ਹੋਣ ਤੋਂ ਬਾਅਦ ਸਰਫਰਾਜ਼ ਨੇ ਕਥਿਤ ਤੌਰ 'ਤੇ ਆਪਾ ਖੋਹ ਦਿੱਤਾ ਅਤੇ ਇਮਾਦ ਵਸੀਮ ਅਤੇ ਇਮਾਮ-ਉੱਲ-ਹੱਕ ਸਮੇਤ ਖਿਡਾਰੀਆਂ 'ਤੇ ਉਸ ਦੇ ਵਿਰੁੱਧ ਧੜੇਬੰਦੀ ਕਰਨ ਦਾ ਦੋਸ਼ ਲਾਇਆ।
'ਦੁਨੀਆ' ਸਮਾਚਾਰ ਚੈਨਲ ਨੇ ਕਿਹਾ ਕਿ ਟੀਮ ਵਿਚ ਦੋ ਧੜੇ ਹਨ, ਜਿਨ੍ਹਾਂ ਵਿਚੋਂ ਇਕ ਮੁਹੰਮਦ ਆਮਿਰ ਦਾ ਅਤੇ ਦੂਜਾ ਇਮਾਦ ਦਾ ਹੈ। ਆਸਟਰੇਲੀਆ ਕੋਲੋਂ ਮਿਲੀ ਹਾਰ ਤੋਂ ਬਾਅਦ ਇਕ ਮਸ਼ਹੂਰ ਅਭਿਨੇਤਾ ਤੇ ਕ੍ਰਿਕਟ ਪ੍ਰੇਮੀ ਨੇ ਸੋਸ਼ਲ ਮੀਡੀਆ 'ਤੇ ਮੌਖਿਕ ਸੰਦੇਸ਼ ਜਾਰੀ ਕਰ ਕੇ ਸ਼ੋਏਬ ਮਲਿਕ, ਇਮਾਮ ਅਤੇ ਬਾਬਰ ਆਜ਼ਮ 'ਤੇ ਸਰਫਰਾਜ਼ ਵਿਰੁੱਧ ਧੜਾ ਖੜ੍ਹਾ ਕਰਨ ਦਾ ਦੋਸ਼ ਲਾਇਆ। ਪੀ. ਟੀ. ਆਈ. ਨੇ ਜਦੋਂ ਦੋ ਖਿਡਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਧੜੇਬੰਦੀ ਤੋਂ ਇਨਕਾਰ ਕੀਤਾ ਪਰ ਕਿਹਾ ਕਿ ਸਰਫਰਾਜ਼ ਕਾਫੀ ਨਾਰਾਜ਼ ਹੋ ਕੇ ਡ੍ਰੈਸਿੰਗ ਰੂਮ ਵਿਚ ਆਇਆ ਸੀ ਅਤੇ ਆਪਣਾ ਗੁੱਸਾ ਕੁਝ ਖਿਡਾਰੀਆਂ 'ਤੇ ਕੱਢਿਆ। 
ਇਕ ਖਿਡਾਰੀ ਨੇ ਕਿਹਾ, ''ਪਰ ਉਹ ਨਿਰਾਸ਼ਾ ਦੀ ਵਜ੍ਹਾ ਨਾਲ ਸੀ। ਉਸ ਨੇ ਕਿਸੇ 'ਤੇ ਦੋਸ਼ ਨਹੀਂ ਲਾਇਆ ਜਾਂ ਧੜੇਬੰਦੀ ਦੀ ਗੱਲ ਨਹੀਂ ਕੀਤੀ। ਉਸ ਨੇ ਇਹ ਜ਼ਰੂਰ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।'' ਸਾਬਕਾ ਕਪਤਾਨ ਮੋਇਨ ਖਾਨ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਦਾ ਫਰਜ਼ ਹੈ ਕਿ ਉਹ ਆਪਣੀ ਮੈਨੇਜਮੈਂਟ ਦਾ ਸਾਥ ਦੇਵੇ। ਉਸ ਨੇ ਕਿਹਾ, ''ਵੱਡੇ ਮੈਚ ਹਾਰ ਜਾਣ 'ਤੇ ਡ੍ਰੈਸਿੰਗ ਰੂਮ ਵਿਚ ਮਤਭੇਦਾਂ ਦੀ ਗੱਲ ਹਮੇਸ਼ਾ ਹੁੰਦੀ ਹੈ। ਆਸਟਰੇਲੀਆ ਅਤੇ ਭਾਰਤ ਵਿਰੁੱਧ ਗਲਤੀਆਂ ਹੋਈਆਂ ਪਰ ਉਹ ਸਰਫਰਾਜ਼ ਦੇ ਨਾਲ ਸਨ।''


author

Gurdeep Singh

Content Editor

Related News