CWC 23: ਅਫਗਾਨਿਸਤਾਨ ਤੋਂ ਵੀ ਹਾਰਿਆ ਪਾਕਿਸਤਾਨ, ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ!

10/23/2023 11:37:03 PM

ਸਪੋਰਟਸ ਡੈਸਕ : ਕ੍ਰਿਕਟ ਵਿਸ਼ਵ ਕੱਪ 2023 'ਚ ਆਈਸੀਸੀ ਵਨਡੇ ਰੈਂਕਿੰਗ 'ਚ ਨੰਬਰ 2 ਟੀਮ ਦੇ ਰੂਪ 'ਚ ਪ੍ਰਵੇਸ਼ ਕਰਨ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਹਾਰ ਦੀ ਹੈਟ੍ਰਿਕ ਨਾਲ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਚੇਪਾਕ ਦੇ ਮੈਦਾਨ 'ਤੇ ਅਫਗਾਨਿਸਤਾਨ ਖ਼ਿਲਾਫ਼ ਖੇਡਿਆ ਗਿਆ ਅਹਿਮ ਮੈਚ ਪਾਕਿਸਤਾਨ ਆਪਣੀ ਖਰਾਬ ਫੀਲਡਿੰਗ ਅਤੇ ਗੇਂਦਬਾਜ਼ੀ ਕਾਰਨ ਹਾਰ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰਤ ਤੋਂ 7 ਵਿਕਟਾਂ ਅਤੇ ਆਸਟਰੇਲੀਆ ਤੋਂ 62 ਦੌੜਾਂ ਨਾਲ ਹਾਰ ਮਿਲੀ ਸੀ। ਹੁਣ ਅਫਗਾਨਿਸਤਾਨ ਨੇ ਚੇਪਾਕ 'ਚ 8 ਵਿਕਟਾਂ ਨਾਲ ਹਰਾ ਕੇ ਉਸ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ ਜਿੱਤ ਅਫਗਾਨਿਸਤਾਨ ਲਈ ਇਤਿਹਾਸਕ ਹੈ ਕਿਉਂਕਿ ਹੁਣ ਤੱਕ ਦੋਵੇਂ ਟੀਮਾਂ ਵਿਸ਼ਵ ਕੱਪ 'ਚ 7 ਮੈਚ ਖੇਡ ਚੁੱਕੀਆਂ ਹਨ, ਜਿਨ੍ਹਾਂ 'ਚ ਪਾਕਿਸਤਾਨ ਨੇ ਸਾਰੇ ਜਿੱਤੇ ਸਨ। ਹੁਣ ਪਹਿਲੀ ਵਾਰ ਅਫਗਾਨਿਸਤਾਨ ਜਿੱਤਿਆ ਹੈ।

ਇਸ ਕਾਰਨ ਪਾਕਿਸਤਾਨ ਦਾ ਰਾਹ ਹੋਇਆ ਔਖਾ

ਪਾਕਿਸਤਾਨ ਹੁਣ 5 ਮੈਚਾਂ ਵਿੱਚ 2 ਜਿੱਤਾਂ ਅਤੇ 3 ਹਾਰਾਂ ਨਾਲ ਚੋਟੀ ਦੇ 4 ਦਾਅਵੇਦਾਰਾਂ ਤੋਂ ਦੂਰ ਹੋ ਗਿਆ ਹੈ। ਜੇਕਰ ਪਾਕਿਸਤਾਨ ਅਗਲੇ 4 ਮੈਚ ਜਿੱਤ ਵੀ ਲੈਂਦਾ ਹੈ ਤਾਂ ਵੀ ਉਹ 6 ਮੈਚ ਹੀ ਜਿੱਤ ਸਕੇਗਾ, ਜਦਕਿ ਸੈਮੀਫਾਈਨਲ 'ਚ ਪਹੁੰਚਣ ਲਈ ਘੱਟੋ-ਘੱਟ 7 ਮੈਚ ਜਿੱਤਣੇ ਜ਼ਰੂਰੀ ਹਨ। ਪਾਕਿਸਤਾਨ ਲਈ ਇਹ ਰਸਤਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਸ ਦੇ ਆਉਣ ਵਾਲੇ ਮੈਚ ਦੱਖਣੀ ਅਫਰੀਕਾ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਖ਼ਿਲਾਫ਼ ਹਨ। ਮੌਜੂਦਾ ਫਾਰਮ ਦੇ ਹਿਸਾਬ ਨਾਲ ਪਾਕਿਸਤਾਨ ਦਾ ਨਾਂ ਹੇਠਲੇ ਕ੍ਰਮ 'ਚ ਨਜ਼ਰ ਆ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 1992 ਦੀ ਚੈਂਪੀਅਨ ਪਾਕਿਸਤਾਨ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਪਰਤੇਗੀ।

ਦੋਵਾਂ ਟੀਮਾਂ ਦੀ ਪਲੇਇੰਗ 11

ਪਾਕਿਸਤਾਨ: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੌਦ ਸ਼ਕੀਲ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਉਸਾਮਾ ਮੀਰ, ਹਸਨ ਅਲੀ, ਸ਼ਾਹੀਨ ਅਫਰੀਦੀ ਅਤੇ ਹੈਰਿਸ ਰਾਊਫ।

ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਇਕਰਾਮ ਅਲੀਖਿਲ (ਵਿਕਟਕੀਪਰ), ਮੁਹੰਮਦ ਨਬੀ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।


Mukesh

Content Editor

Related News