ਟੀ-20 ਵਿਸ਼ਵ ਕੱਪ ''ਚ ਪਰਿਵਾਰ ਨੂੰ ਨਾਲ ਲਿਜਾਣ ''ਤੇ ਪਾਕਿ ਖਿਡਾਰੀਆਂ ਦੀ ਆਲੋਚਨਾ

Friday, Jun 21, 2024 - 05:26 PM (IST)

ਟੀ-20 ਵਿਸ਼ਵ ਕੱਪ ''ਚ ਪਰਿਵਾਰ ਨੂੰ ਨਾਲ ਲਿਜਾਣ ''ਤੇ ਪਾਕਿ ਖਿਡਾਰੀਆਂ ਦੀ ਆਲੋਚਨਾ

ਲਾਹੌਰ— ਅਮਰੀਕਾ 'ਚ ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ ਮੁਹਿੰਮ 'ਚ ਉਨ੍ਹਾਂ ਖਿਡਾਰੀਆਂ ਖਿਲਾਫ ਨਾਰਾਜ਼ਗੀਆਂ ਭਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜਿਨ੍ਹਾਂ ਦੀ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਵਿਵਾਦਾਂ 'ਚ ਘਿਰਿਆ ਕ੍ਰਿਕਟ ਬੋਰਡ ਇਨ੍ਹਾਂ 'ਅਪੁਸ਼ਟ ਦਾਅਵਿਆਂ ਅਤੇ ਰਿਪੋਰਟਾਂ' ਨਾਲ ਨਜਿੱਠਣ ਲਈ ਇਕ ਨਵੇਂ ਮਾਣਹਾਨੀ ਨਿਯਮ ਦਾ ਇਸਤੇਮਾਲ ਕਰਨ 'ਤੇ ਵਿਚਾਰ ਕਰ ਰਿਹਾ ਹੈ। ਪਾਕਿਸਤਾਨ ਨਿਊਯਾਰਕ ਵਿੱਚ ਆਪਣੇ ਗਰੁੱਪ ਲੀਗ ਪੜਾਅ ਦੇ ਮੈਚਾਂ ਵਿੱਚ ਭਾਰਤ ਅਤੇ ਡੈਬਿਊ ਕਰਨ ਵਾਲੀ ਅਮਰੀਕਾ ਤੋਂ ਹਾਰ ਕੇ ਬਾਹਰ ਹੋ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ 'ਚ ਕਰੀਬ 34 ਖਿਡਾਰੀਆਂ, ਸਹਿਯੋਗੀ ਸਟਾਫ ਅਤੇ ਅਧਿਕਾਰੀਆਂ ਤੋਂ ਇਲਾਵਾ ਟੀਮ ਹੋਟਲ 'ਚ 26 ਤੋਂ 28 ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਨ੍ਹਾਂ ਮੈਂਬਰਾਂ ਵਿੱਚ ਪਤਨੀਆਂ, ਬੱਚੇ, ਮਾਤਾ-ਪਿਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ।
ਰਿਪੋਰਟ ਮੁਤਾਬਕ ਬਾਬਰ ਆਜ਼ਮ, ਹੈਰਿਸ ਰਾਊਫ, ਸ਼ਾਦਾਬ ਖਾਨ, ਫਖਰ ਜ਼ਮਾਨ ਅਤੇ ਮੁਹੰਮਦ ਆਮਿਰ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਨਾਲ ਅਮਰੀਕਾ ਗਏ ਸਨ। ਬਾਬਰ ਦਾ ਵਿਆਹ ਨਹੀਂ ਹੋਇਆ ਹੈ ਇਸ ਲਈ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭਰਾ ਟੀਮ ਹੋਟਲ ਵਿੱਚ ਠਹਿਰੇ ਹੋਏ ਸਨ। ਇਕ ਹੋਰ ਰਿਪੋਰਟ ਮੁਤਾਬਕ 'ਪਰਿਵਾਰ ਨੂੰ ਲੈ ਕੇ ਹੋਣ ਵਾਲਾ ਵਾਧੂ ਖਰਚਾ ਜ਼ਰੂਰ ਖਿਡਾਰੀਆਂ ਨੇ ਅਦਾ ਕੀਤਾ ਪਰ ਪਰਿਵਾਰਕ ਮੈਂਬਰਾਂ ਦੇ ਨਾਲ ਰਹਿਣ ਨਾਲ ਖਿਡਾਰੀਆਂ ਦਾ ਧਿਆਨ ਪ੍ਰਭਾਵਿਤ ਹੁੰਦਾ ਹੈ।'
ਇਕ ਰਿਪੋਰਟ ਵਿਚ ਕਿਹਾ ਗਿਆ ਹੈ, 'ਜਿੱਥੇ ਟੀਮ ਰੁਕੀ ਸੀ, ਟੀਮ ਦੇ ਨਾਲ ਯਾਤਰਾ ਕਰਨ ਵਾਲੇ ਹੋਰ ਲੋਕਾਂ ਦੇ ਰਹਿਣ ਲਈ ਲਗਭਗ 60 ਕਮਰੇ ਬੁੱਕ ਕੀਤੇ ਗਏ ਸਨ। ਪਰਿਵਾਰਕ ਮਾਹੌਲ ਸੀ ਜਿਸ ਵਿੱਚ 'ਟੇਕ ਅਵੇ ਡਿਨਰ' ਅਤੇ ਬਾਹਰ ਜਾਣਾ ਕੁਝ ਖਿਡਾਰੀਆਂ ਲਈ ਆਮ ਗੱਲ ਸੀ। ਸਾਬਕਾ ਟੈਸਟ ਵਿਕਟਕੀਪਰ ਅਤੀਕ ਉਜ਼ ਜ਼ਮਾਨ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਖਿਡਾਰੀਆਂ ਨੂੰ 'ਲੋ ਪ੍ਰੋਫਾਈਲ' ਜਾਂ ਦੁਵੱਲੇ ਦੌਰਿਆਂ 'ਤੇ ਆਪਣੇ ਪਰਿਵਾਰ ਦੀ ਲੋੜ ਹੁੰਦੀ ਹੈ। ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਇਸ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।
ਜ਼ਮਾਨ ਨੇ ਕਿਹਾ, 'ਕਿਸੇ ਵੀ ਪਰਿਵਾਰ ਨੂੰ ਵਿਸ਼ਵ ਕੱਪ 'ਚ ਖਿਡਾਰੀਆਂ ਦੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਖਿਡਾਰੀਆਂ ਨੂੰ ਕ੍ਰਿਕਟ 'ਤੇ ਧਿਆਨ ਦੇਣ ਦੀ ਲੋੜ ਸੀ। ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੁੰਦਾ ਹੈ, ਤਾਂ ਖਿਡਾਰੀਆਂ ਦਾ ਧਿਆਨ ਅਤੇ ਸਮਾਂ ਕ੍ਰਿਕਟ ਤੋਂ ਵੱਖ ਹੋ ਜਾਂਦਾ ਹੈ। ਆਮਿਰ ਤਾਂ ਆਪਣੇ ਖਰਚੇ 'ਤੇ ਆਪਣਾ ਨਿੱਜੀ ਟ੍ਰੇਨਰ ਨੂੰ ਵੀ ਲੈ ਕੇ ਗਏ ਸਨ ਜਦੋਂਕਿ ਟੀਮ ਦੇ ਕੋਲ ਵਿਦੇਸ਼ੀ ਟ੍ਰੇਨਰ, ਸਟ੍ਰੈਂਥ ਕੰਡੀਸ਼ਨਿੰਗ ਕੋਚ, ਫਿਜ਼ੀਓ ਅਤੇ ਡਾਕਟਰ ਮੌਜੂਦ ਸਨ।
ਇਸ ਦੇ ਨਾਲ ਹੀ ਪੀਸੀਬੀ ਅਪੁਸ਼ਟ ਖਬਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ। ਪੀਸੀਬੀ ਨਵੇਂ ਮਾਣਹਾਨੀ ਕਾਨੂੰਨ ਦੀ ਵਰਤੋਂ ਡਿਜੀਟਲ ਅਤੇ ਮੁੱਖ ਧਾਰਾ ਮੀਡੀਆ ਦੇ ਵਿਰੁੱਧ ਕਰੇਗਾ ਜੋ ਪਾਕਿਸਤਾਨੀ ਖਿਡਾਰੀਆਂ 'ਤੇ ਵਿਸ਼ਵ ਕੱਪ ਦੌਰਾਨ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹਨ ਜਾਂ ਉਨ੍ਹਾਂ ਬਾਰੇ ਨਿੱਜੀ ਟਿੱਪਣੀਆਂ ਕਰਦੇ ਹਨ। ਪੀਸੀਬੀ ਦੇ ਇੱਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਬੋਰਡ ਦੇ ਕਾਨੂੰਨੀ ਵਿਭਾਗ ਨੇ ਵੀ ਇਸ ਨਵੇਂ ਮਾਣਹਾਨੀ ਕਾਨੂੰਨ ਤਹਿਤ ਸੰਭਾਵਿਤ ਨੋਟਿਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ, 'ਇਨ੍ਹਾਂ ਲੋਕਾਂ ਨੂੰ ਆਪਣੇ ਦੋਸ਼ ਸਾਬਤ ਕਰਨ ਲਈ ਕਿਹਾ ਜਾਵੇਗਾ ਅਤੇ ਜੇਕਰ ਉਹ ਇਸ ਨਵੇਂ ਮਾਣਹਾਨੀ ਕਾਨੂੰਨ ਤਹਿਤ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।' ਪੰਜਾਬ ਵਿਧਾਨ ਸਭਾ ਨੇ ਹਾਲ ਹੀ ਵਿੱਚ ਡਿਜੀਟਲ ਮੀਡੀਆ ਅਤੇ ਮਾਣਹਾਨੀ ਕਾਨੂੰਨ ਨਾਲ ਸਬੰਧਤ ਬਿੱਲ ਪਾਸ ਕੀਤਾ ਹੈ, ਜਿਸ ਤਹਿਤ ਜੇਕਰ ਕੋਈ ਡਿਜੀਟਲ ਪੱਤਰਕਾਰ ਜਾਂ ਮੀਡੀਆ ਵਿਅਕਤੀ ਕਿਸੇ ਉੱਚ ਅਹੁਦੇ 'ਤੇ ਕਾਬਜ਼ ਵਿਅਕਤੀ 'ਤੇ ਬੇਬੁਨਿਆਦ ਦੋਸ਼ ਲਾਉਂਦਾ ਹੈ ਜਾਂ ਨਿੱਜੀ ਹਮਲਾ ਕਰਦਾ ਹੈ ਤਾਂ ਦੋਸ਼ੀ ਪਾਏ ਜਾਣ 'ਤੇ ਉਸ ਨੂੰ ਭਾਰੀ ਜੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ।


author

Aarti dhillon

Content Editor

Related News