ਸਾਡਾ ਧਿਆਨ ਪੂਰੀ ਤਰ੍ਹਾਂ ਨਾਲ T20 WC ਜਿੱਤਣ ’ਤੇ ਕੇਂਦ੍ਰਿਤ, ਸੁਰੱਖਿਆ ’ਤੇ ਪੂਰਾ ਭਰੋਸਾ : ਮਾਰਸ਼
Wednesday, Feb 04, 2026 - 10:36 AM (IST)
ਲਾਹੌਰ– ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੂੰ ਪਾਕਿਸਤਾਨ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਅਤੇ ਬੰਗਲਾਦੇਸ਼ ਨੂੰ ਟੂਰਨਾਮੈਂਟ ’ਚੋਂ ਬਾਹਰ ਕੀਤੇ ਜਾਣ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਇਸ ਵੱਕਾਰੀ ਟੂਰਨਾਮੈਂਟ ਨੂੰ ਜਿੱਤਣ ’ਤੇ ਹੈ। ਮਾਰਸ਼ ਕੱਲ੍ਹ ਰਾਤ ਇੱਥੇ ਮੇਜ਼ਬਾਨ ਟੀਮ ਹੱਥੋਂ ਟੀ-20 ਲੜੀ ’ਚ 0-3 ਨਾਲ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਮੀਡੀਆ ਨਾਲ ਰੂਬਰੂ ਸੀ।
ਆਸਟ੍ਰੇਲੀਆ ਦੇ ਕਪਤਾਨ ਤੋਂ ਟੀਮ ਦੇ ਪ੍ਰਦਰਸ਼ਨ ਤੋਂ ਇਲਾਵਾ ਮੈਦਾਨ ਤੋਂ ਬਾਹਰ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਸਵਾਲ ਪੁੱਛੇ ਗਏ ਜਿਨ੍ਹਾਂ ਕਾਰਨ ਭਾਰਤ ਤੇ ਸ਼੍ਰੀਲੰਕਾ ’ਚ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਮਾਰਸ਼ ਤੋਂ ਜਦੋਂ 15 ਫਰਵਰੀ ਨੂੰ ਕੋਲੰਬੋ ’ਚ ਭਾਰਤ ਵਿਰੁੱਧ ਹੋਣ ਵਾਲੇ ਮੈਚ ਦਾ ਪਾਕਿਸਤਾਨ ਵੱਲੋਂ ਬਾਈਕਾਟ ਕਰਨ ਦੇ ਸਬੰਧ ’ਚ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਇਸ ਸਮੇਂ ਮੈਂ ਇਸ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਅਸੀਂ ਵਿਸ਼ਵ ਕੱਪ ’ਚ ਸਿਰਫ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਨ ਜਾ ਰਹੇ ਹਾਂ। ਬਾਕੀ ਚੀਜ਼ਾਂ ਆਪਣੇ ਆਪ ਹੱਲ ਹੋ ਜਾਣਗੀਆਂ।’’
