ਵਾਪਸੀ ''ਤੇ ਲਾ ਲਿਗਾ ਦੇ ਦਰਸ਼ਕ ਲੱਗਭਗ 50 ਫੀਸਦੀ ਵਧੇ
Thursday, Jun 18, 2020 - 05:31 PM (IST)
![ਵਾਪਸੀ ''ਤੇ ਲਾ ਲਿਗਾ ਦੇ ਦਰਸ਼ਕ ਲੱਗਭਗ 50 ਫੀਸਦੀ ਵਧੇ](https://static.jagbani.com/multimedia/17_29_563550827sss.jpg)
ਮੈਡ੍ਰਿਡ : ਕੋਰੋਨਾ ਵਾਇਰਸ ਕਾਰਨ ਲੱਗਭਗ 3 ਮਹੀਨੇ ਬਾਅਦ ਸ਼ੁਰੂ ਹੋਣ ਵਾਲੀ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦੇ ਕੌਮਾਂਤਰੀ ਦਰਸ਼ਕ ਲੱਗਭਗ 50 ਫੀਸਦੀ ਵਧੇ ਹਨ। ਲੀਗ ਦੀ ਵਾਪਸੀ ਤੋਂ ਬਾਅਦ ਜੋ ਸ਼ੁਰੂਆਤੀ ਮੈਚ ਖੇਡੇ ਗਏ ਉਨ੍ਹਾਂ ਨੂੰ ਮਾਰਚ ਦੇ ਮੱਧ ਵਿਚ ਮੁਲਤਵੀ ਤੋਂ ਪਹਿਲਾਂ ਖੇਡੇ ਗਏ 27 ਦੌਰ ਦੇ ਮੈਚਾਂ ਦੀ ਔਸਤ ਦੀ ਤੁਲਨਾ ਵਿਚ 48 ਫੀਸਦੀ ਜ਼ਿਆਦਾ ਦਰਸ਼ਕਾਂ ਨੇ ਦੇਖਿਆ।
ਲੀਗ ਨੇ ਬਿਆਨ ਵਿਚ ਕਿਹਾ ਕਿ ਅਫਰੀਕਾ ਮਹਾਦੀਪ ਵਿਚ ਇਹ ਵਾਧਾ 70 ਫੀਸਦੀ ਤੋਂ ਜ਼ਿਆਦਾ ਜਦਕਿ ਯੂਰੋਪ ਵਿਚ 56 ਫੀਸਦੀ ਹੋਇਆ ਹੈ। ਸਿਰਫ ਦੱਖਣੀ ਅਫਰੀਕਾ ਵਿਚ ਹੀ 210 ਫੀਸਦੀ ਜਦਕਿ ਬੈਲਜੀਅਮ ਵਿਚ 130 ਫੀਸਦੀ ਜ਼ਿਆਦਾ ਦਰਸ਼ਕਾਂ ਨੇ ਇਨ੍ਹਾਂ ਮੈਚਾਂ ਨੂੰ ਦੇਖਿਆ। ਭਾਰਤ ਵਿਚ ਇਸ ਲੀਗ ਦਾ ਪ੍ਰਸਾਰਣ ਫੇਸਬੁੱਕ 'ਤੇ ਕੀਤਾ ਜਾ ਰਿਹਾ ਹੈ ਜਿੱਥੇ ਦਰਸ਼ਕਾਂ ਦੀ ਗਿਣਤੀ ਵਿਚ 72 ਫਸਦੀ ਵਾਧਾ ਹੋਇਆ ਹੈ। ਲੀਗ ਨੇ ਕਿਹਾ ਕਿ ਇਹ ਅੰਕੜੇ ਨੀਲਸਨ ਸਪੋਰਟਸ ਨੇ ਇਕੱਠੇ ਕੀਤੇ ਹਨ।