ਜ਼ਿੰਬਾਬਵੇ ਦੇ ਖ਼ਿਲਾਫ਼ ਹੌਲੀ ਓਵਰ-ਰੇਟ ਲਈ ਓਮਾਨ ਨੂੰ ਲੱਗਾ ਜੁਰਮਾਨਾ

Friday, Jun 30, 2023 - 03:41 PM (IST)

ਜ਼ਿੰਬਾਬਵੇ ਦੇ ਖ਼ਿਲਾਫ਼ ਹੌਲੀ ਓਵਰ-ਰੇਟ ਲਈ ਓਮਾਨ ਨੂੰ ਲੱਗਾ ਜੁਰਮਾਨਾ

ਬੁਲਾਵਾਯੋ (ਭਾਸ਼ਾ)- ਜ਼ਿੰਬਾਬਵੇ ਖਿਲਾਫ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਹੌਲੀ ਓਵਰ-ਰੇਟ ਲਈ ਓਮਾਨ ਨੂੰ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ.ਸੀ.ਸੀ. ਮੈਚ ਰੈਫਰੀ ਦੇ ਅੰਤਰਰਾਸ਼ਟਰੀ ਪੈਨਲ ਦੇ ਮੁਹੰਮਦ ਜਾਵੇਦ ਨੇ ਨਿਰਧਾਰਤ ਸਮੇਂ ਵਿੱਚ ਓਮਾਨ ਨੂੰ ਦੋ ਓਵਰ ਘੱਟ ਗੇਂਦਬਾਜ਼ੀ ਕਰਨ ਕਾਰਨ ਇਹ ਸਜ਼ਾ ਦਿੱਤੀ। ਘੱਟੋ-ਘੱਟ ਓਵਰ-ਰੇਟ ਨਾਲ ਜੁੜੇ ਅਪਰਾਧਾਂ ਨਾਲ ਸਬੰਧਤ ਆਈ.ਸੀ.ਸੀ. ਖਿਡਾਰੀਆਂ ਅਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਦੇ ਕੋਡ ਆਫ ਕੰਡਕਟ ਦੇ ਨਿਯਮ 2.22 ਦੇ ਅਨੁਸਾਰ ਖਿਡਾਰੀਆਂ ਨੂੰ ਉਨ੍ਹਾਂ ਟੀਮ ਦੇ ਨਿਰਧਾਰਤ ਸਮੇਂ ਵਿਚ ਹਰੇਕ ਓਵਰ ਘੱਟ ਸੁੱਟਣ ਲਈ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ।

ਕੈਪਟਨ ਜੀਸ਼ਾਨ ਮਕਸੂਦ ਨੇ ਇਸ ਪ੍ਰਸਤਾਵਿਤ ਸਜ਼ਾ ਨੂੰ ਸਵੀਕਾਰ ਕਰ ਲਿਆ, ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਪਈ। ਇਸ ਦੌਰਾਨ ਓਮਾਨ ਦੇ ਖਿਡਾਰੀ ਕਲੀਮੁੱਲ੍ਹਾ ਨੂੰ ਮੈਚ ਦੌਰਾਨ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਕਰਨ ਲਈ ਤਾੜਨਾ ਕੀਤੀ ਗਈ ਹੈ। ਕਲੀਮੁੱਲ੍ਹਾ ਨੂੰ ਖਿਡਾਰੀਆਂ ਅਤੇ ਸਹਿਯੋਗੀ ਕਰਮਚਾਰੀਆਂ ਲਈ ਆਈ.ਸੀ.ਸੀ. ਕੋਡ ਆਫ ਕੰਡਕਟ ਦੀ ਧਾਰਾ 2.5 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਇਲਾਵਾ ਕਲੀਮੁੱਲ੍ਹਾ ਦੇ ਅਨੁਸ਼ਾਸਨੀ ਰਿਕਾਰਡ 'ਚ ਇਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਹੈ। ਇਹ 24 ਮਹੀਨਿਆਂ ਦੀ ਮਿਆਦ ਵਿਚ ਉਨ੍ਹਾਂ ਦਾ ਪਹਿਲਾ ਅਪਰਾਧ ਹੈ। ਇਹ ਘਟਨਾ ਜ਼ਿੰਬਾਬਵੇ ਦੀ ਪਾਰੀ ਦੇ 12ਵੇਂ ਓਵਰ ਵਿਚ ਵਾਪਰੀ, ਜਦੋਂ ਕਲੀਮੁੱਲ੍ਹਾ ਨੇ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਐਰਵਿਨ ਨੂੰ ਆਊਟ ਕਰਨ ਤੋਂ ਬਾਅਦ ਉਸ ਪ੍ਰਤੀ ਹਮਲਾਵਰ ਰਵੱਈਆ ਦਿਖਾਇਆ। ਇਸ ਖਿਡਾਰੀ ਨੇ ਸਜ਼ਾ ਸਵੀਕਾਰ ਕਰ ਲਈ ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਸੀ।


author

cherry

Content Editor

Related News