ਓਲੰਪਿਕ ਤਮਗ਼ਾ ਸਿਰਫ਼ ਸ਼ੁਰੂਆਤ, ਅਸੀਂ ਨੰਬਰ ਵਨ ਬਣਨਾ ਚਾਹੁੰਦੇ ਹਾਂ : ਸ਼ਮਸ਼ੇਰ ਸਿੰਘ
Tuesday, Sep 14, 2021 - 07:22 PM (IST)
ਸਪੋਰਟਸ ਡੈਸਕ- ਫ਼ਾਰਵਰਡ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਓਲੰਪਿਕ ਕਾਂਸੀ ਤਮਗ਼ਾ ਭਾਰਤੀ ਹਾਕੀ ਟੀਮ ਦੇ ਲਈ ਸ਼ੁਰੂਆਤ ਮਾਤਰ ਹੈ ਤੇ ਉਸ ਨੂੰ ਦੁਨੀਆ ਦੀ ਨੰਬਰ ਇਕ ਟੀਮ ਬਣਨਾ ਹੈ। ਪੁਰਸ਼ ਹਾਕੀ ਟੀਮ ਨੇ ਟੋਕੀਓ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਨੂੰ 5-4 ਨਾਲ ਹਰਾਕੇ ਕਾਂਸੀ ਦਾ ਤਮਗ਼ਾ ਜਿੱਤਿਆ ਜੋ 41 ਸਾਲ ਬਾਅਦ ਓਲੰਪਿਕ 'ਚ ਉਸ ਦਾ ਪਹਿਲਾ ਤਮਗ਼ਾ ਸੀ।
ਸ਼ਮਸ਼ੇਰ ਨੇ ਕਿਹਾ ਕਿ ਅਜੇ ਇਕ ਟੀਮ ਦੇ ਤੌਰ 'ਤੇ ਸਾਨੂੰ ਬਹੁਤ ਕੁਝ ਹਾਸਲ ਕਰਨਾ ਹੈ। ਅਸੀਂ ਓਲੰਪਿਕ ਤਮਗ਼ਾ ਜਿੱਤ ਕੇ ਟੀਚੇ ਵੱਲ ਕਦਮ ਰੱਖ ਦਿੱਤੇ ਹਨ ਪਰ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ 'ਚ ਹਰ ਮੈਚ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਖ਼ਾਸ ਤੌਰ 'ਤੇ ਵੱਡੇ ਟੂਰਨਾਮੈਂਟ ਜਿਵੇਂ ਕਿ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 'ਚ। ਸਾਨੂੰ ਯਕੀਨ ਹੈ ਕਿ ਮੈਚ ਦਰ ਮੈਚ ਚੰਗਾ ਪ੍ਰਦਰਸ਼ਨ ਕਰਨ ਕਰਨ 'ਤੇ ਇਕ ਦਿਨ ਸਾਡੀ ਟੀਮ ਦੁਨੀਆ ਦੀ ਨੰਬਰ ਇਕ ਟੀਮ ਬਣ ਜਾਵੇਗੀ।
ਸ਼ਮਸ਼ੇਰ ਨੇ ਕਿਹਾ ਕਿ ਟੋਕੀਓ ਓਲੰਪਿਕ ਹਮੇਸ਼ਾ ਉਨ੍ਹਾਂ ਲਈ ਖ਼ਾਸ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਕਰੀਅਰ ਦੇ ਇੰਨੇ ਸ਼ੁਰੂਆਤੀ ਪੜਾਅ 'ਚ ਓਲੰਪਿਕ ਤਮਗ਼ਾ ਜੇਤੂ ਟੀਮ ਦਾ ਹਿੱਸਾ ਬਣਿਆ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਲਈ ਇਕ ਟੀਮ ਦੇ ਤੌਰ 'ਤੇ ਇਹ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਭਵਿੱਖ 'ਚ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਅਸੀਂ ਆਉਣ ਵਾਲੇ ਸਾਲਾਂ 'ਚ ਕਰਾਂਗੇ।