NZ vs ENG : ਫਾਲੋਆਨ ਤੋਂ ਬਾਅਦ ਜਿੱਤ ਦਰਜ ਕਰਨ ਵਾਲੀ ਤੀਜੀ ਟੈਸਟ ਟੀਮ ਬਣੀ ਨਿਊਜ਼ੀਲੈਂਡ

Wednesday, Mar 01, 2023 - 12:42 PM (IST)

NZ vs ENG : ਫਾਲੋਆਨ ਤੋਂ ਬਾਅਦ ਜਿੱਤ ਦਰਜ ਕਰਨ ਵਾਲੀ ਤੀਜੀ ਟੈਸਟ ਟੀਮ ਬਣੀ ਨਿਊਜ਼ੀਲੈਂਡ

ਵੇਲਿੰਗਟਨ– ਨਿਊਜ਼ੀਲੈਂਡ ਨੇ ਦੂਜੇ ਟੈਸਟ ਦੇ ਉਤਾਰ-ਚੜਾਅ ਨਾਲ ਭਰੇ ਆਖਰੀ ਦਿਨ ਮੰਗਲਵਾਰ ਨੂੰ ਇੱਥੇ ਇੰਗਲੈਂਡ ਨੂੰ 1 ਦੌੜ ਨਾਲ ਹਰਾ ਦਿੱਤਾ ਤੇ ਫਾਲੋਆਨ ਤੋਂ ਬਾਅਦ ਜਿੱਤ ਦਰਜ ਕਰਨ ਵਾਲੀ ਤੀਜੀ ਟੈਸਟ ਟੀਮ ਬਣ ਗਈ। ਜਿੱਤ ਲਈ 258 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ 256 ਦੌੜਾਂ ’ਤੇ ਢੇਰ ਹੋ ਗਈ। ਇਸ ਨਾਲ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰੀ ’ਤੇ ਰਹੀ। ਨੀਲ ਵੈਗਨਰ ਨੇ ਦੂਜੀ ਪਾਰੀ ’ਚ ਨਿਊਜ਼ੀਲੈਂਡ ਲਈ 4 ਵਿਕਟਾਂ ਲਈਆਂ। ਕਪਤਾਨ ਟਿਮ ਸਾਊਥੀ ਨੂੰ 3 ਤੇ ਮੈਟ ਹੈਨਰੀ ਨੂੰ 2 ਸਫਲਤਾਵਾਂ ਮਿਲੀਆਂ।ਰੋਮਾਂਚ ਨਾਲ ਭਰੇ 5ਵੇਂ ਦਿਨ ਜੋ ਰੂਟ ਨੇ 95 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਬੇਨ ਸਟੋਕਸ (33) ਦੇ ਨਾਲ 5ਵੀਂ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਲੜੀ ’ਚ 2-0 ਦੀ ਜਿੱਤ ਦਿਵਾਉਣ ਦੇ ਨੇੜੇ ਪਹੁੰਚਾ ਦਿੱਤਾ ਸੀ ਪਰ ਵੈਗਨਰ ਨੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਇਕ ਦੌੜ ਦੇ ਅੰਦਰ ਚਲਦਾ ਕਰ ਕੇ ਮੈਚ ’ਚ ਨਿਊਜ਼ੀਲੈਂਡ ਦੀ ਵਾਪਸੀ ਕਰਵਾ ਦਿੱਤੀ। 

ਵਿਕਟਕੀਪਰ ਬੇਨ ਫੋਕਸ ਨੇ ਇਸ ਤੋਂ ਬਾਅਦ 35 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੇ ਕੰਢੇ ’ਤੇ ਪਹੁੰਚਾ ਦਿੱਤਾ ਸੀ ਪਰ ਜਦੋਂ ਜਿੱਤ ਲਈ 7 ਦੌੜਾਂ ਦੀ ਲੋੜ ਸੀ ਤਦ ਉਹ ਸਾਊਥੀ ਦੀ ਗੇਂਦ ’ਤੇ ਆਊਟ ਹੋ ਗਿਆ। ਆਖਰੀ ਬੱਲੇਬਾਜ਼ ਜੇਮਸ ਐਂਡਰਸਨ ਨੇ ਚੌਕਾ ਲਾ ਕੇ ਰੋਮਾਂਚ ਵਧਾਇਆ ਪਰ ਨੀਲ ਵੈਗਨਰ ਦੀ ਗੇਂਦ ’ਤੇ ਵਿਕਟਕੀਪਰ ਟਾਮ ਬੰਲੇਡਲ ਨੇ ਖੱਬੇ ਪਾਸਿਓਂ ਡਾਈਵ ਲਗਾ ਕੇ ਸ਼ਾਨਦਾਰ ਕੈਚ ਫੜ ਕੇ ਨਿਊਜ਼ੀਲੈਂਡ ਨੂੰ ਯਾਦਗਾਰ ਜਿੱਤ ਦਿਵਾ ਦਿੱਤੀ। ਟੈਸਟ ਮੈਚ ’ਚ ਦੌੜਾਂ ਦੇ ਲਿਹਾਜ ਨਾਲ ਇਹ ਨਿਊਜ਼ੀਲੈਂਡ ਦੀ ਸਭ ਤੋਂ ਘੱਟ ਫਰਕ ਵਾਲੀ ਜਿੱਤ ਹੈ। ਇਸ ਤੋਂ ਪਹਿਲਾਂ ਇੰਗਲੈਂਡ ਤੇ ਭਾਰਤ ਦੀ ਟੀਮ ਹੀ ਫਾਲੋਆਨ ਦੇ ਟੈਸਟ ਮੈਚ ਨੂੰ ਜਿੱਤਣ ’ਚ ਸਫਲ ਰਹੀ ਹੈ।

ਇਹ ਵੀ ਪੜ੍ਹੋ : ਸਚਿਨ ਨੂੰ 50ਵੇਂ ਜਨਮ ਦਿਨ 'ਤੇ ਮਿਲੇਗਾ ਖ਼ਾਸ ਤੋਹਫਾ, ਵਾਨਖੇੜੇ ਸਟੇਡੀਅਮ 'ਚ ਲੱਗੇਗਾ ਆਦਮਕੱਦ ਬੁੱਤ

ਇੰਗਲੈਂਡ ਨੇ ਇਹ ਕਾਰਨਾਮਾ ਦੋ ਵਾਰ ਕੀਤਾ ਹੈ ਜਦਕਿ ਭਾਰਤ ਨੇ ਇਕ ਵਾਰ। ਫਾਲੋਆਨ ਤੋਂ ਬਾਅਦ ਪਿਛਲੀ ਜਿੱਤ 2001 ’ਚ ਭਾਰਤੀ ਟੀਮ ਨੇ ਈਡਨ ਗਾਰਡਨ ’ਚ ਆਸਟਰੇਲੀਆਂ  ਨੂੰ 171 ਦੌੜਾਂ ਨਾਲ ਹਰਾ ਕੇ ਹਾਸਲ ਕੀਤੀ ਸੀ। ਇਸ ਨਤੀਜੇ ਨੇ ਇੰਗਲੈਂਡ ਦੀਆਂ ਲਗਾਤਾਰ ਛੇ ਟੈਸਟ ਜਿੱਤਾਂ ਦੇ ਕ੍ਰਮ ਨੂੰ ਵੀ ਤੋੜ ਦਿੱਤਾ। ਦੋ ਮੈਚਾਂ ਦੀ ਇਹ ਲੜੀ ਬਰਾਬਰੀ ’ਤੇ ਖਤਮ ਹੋਈ, ਜਿਸ ਨਾਲ ਨਿਊਜ਼ੀਲੈਂਡ 2017 ਤੋਂ ਬਾਅਦ ਘਰੇਲ ਲੜੀ ’ਚ ਆਪਣੀ ਪਹਿਲੀ ਹਾਰ ਤੋਂ ਬਚਣ ਵਿਚ ਸਫਲ ਰਿਹਾ। ਇੰਗਲੈਂਡ ਨੇ ਪਹਿਲੀ ਪਾਰੀ ਨੂੰ 9 ਵਿਕਟਾਂ ’ਤੇ 435 ਦੌੜਾਂ ਬਣਾ ਕੇ ਖਤਮ ਕੀਤਾ ਸੀ। ਟੀਮ ਨੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਨੂੰ 209 ਦੌੜਾਂ ’ਤੇ ਸਮੇਟ ਕੇ 226 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।

ਸਾਬਕਾ ਕਪਤਾਨ ਕੇਨ ਵਿਲੀਅਮਸਨ ਦੀ 132 ਦੌੜਾਂ ਦੀ ਪਾਰੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਫਾਲੋਆਨ ਮਿਲਣ ਤੋਂ ਬਾਅਦ ਦੂਜੀ ਪਾਰੀ ’ਚ 483 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ ਸੀ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਇਕ ਵਿਕਟ ’ਤੇ 48 ਦੌੜਾਂ ਤੋਂ ਕੀਤੀ ਸੀ ਪਰ ਪਹਿਲੇ ਘੰਟੇ ’ਚ ਨਿਊਜ਼ੀਲੈਂਡ ਨੇ 4 ਵਿਕਟਾਂ ਲੈ ਲਈਆਂ। ਇੰਗਲੈਂਡ ਦਾ ਸਕੋਰ 5 ਵਿਕਟਾਂ ’ਤੇ 80 ਦੌੜਾਂ ਹੋ ਗਿਆ। ਇਸ ਤੋਂ ਬਾਅਦ ਰੂਟ ਤੇ ਸਟੋਕਸ ਨੇ ਮੋਰਚਾ ਸੰਭਾਲਿਆ। ਰੂਟ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ 51 ਗੇਂਦਾਂ ’ਚ ਆਪਣਾ 57ਵਾਂ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 113 ਗੇਂਦਾਂ ਦੀ ਪਾਰੀ ’ਚ 8 ਚੌਕੇ ਤੇ 3 ਛੱਕੇ ਲਾਏ। ਖੱਬੇ ਹੱਥ ’ਚ ਸੱਟ ਦੇ ਨਾਲ ਖੇਡ ਰਹੇ ਸਟੋਕਸ ਨੇ ਸੰਭਲ ਕੇ ਬੱਲੇਬਾਜ਼ੀ ਕਰਦੇ ਹੋਏ 116 ਗੇਂਦਾਂ ’ਚ 33 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News