ਆਸਟ੍ਰੇਲੀਆ ਪਰਤਣ ''ਤੇ ਬੋਲੇ ਨੋਵਾਕ ਜੋਕੋਵਿਚ, ਮਨ ''ਚ ਕੋਈ ਬੁਰੀ ਭਾਵਨਾ ਨਹੀਂ ਹੈ

Saturday, Dec 31, 2022 - 03:58 PM (IST)

ਸਪੋਰਟਸ ਡੈਸਕ : ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਦੁਹਰਾਇਆ ਹੈ ਕਿ ਇੱਕ ਸਾਲ ਪਹਿਲਾਂ ਆਸਟਰੇਲੀਅਨ ਓਪਨ ਤੋਂ ਪਹਿਲਾਂ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਨੂੰ ਲੈ ਕੇ ਉਸ ਦੇ ਮਨ 'ਚ ਕੋਈ ਬੁਰੀ ਭਾਵਨਾ ਨਹੀਂ ਹੈ ਅਤੇ ਉਹ ਦੇਸ਼ ਵਿੱਚ ਵਾਪਸ ਆ ਕੇ ਚੰਗਾ ਮਹਿਸੂਸ ਕਰ ਰਿਹਾ ਹੈ ਜਿੱਥੇ ਉਸ ਨੇ ਕਾਫੀ ਸਫਲਤਾਵਾਂ ਹਾਸਲ ਕੀਤੀਆਂ ਸਨ।

ਜੋਕੋਵਿਚ ਨੂੰ 12 ਮਹੀਨੇ ਪਹਿਲਾਂ ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਗਿਆ ਸੀ। ਉਦੋਂ ਆਸਟ੍ਰੇਲੀਆ ਵਿਚ ਟੀਕਾਕਰਨ ਸਬੰਧੀ ਸਖ਼ਤ ਨਿਯਮ ਸਨ। ਕੋਵਿਡ-19 ਨਾਲ ਸਬੰਧਤ ਸਖ਼ਤ ਦਿਸ਼ਾ-ਨਿਰਦੇਸ਼ਾਂ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ ਅਤੇ ਨਵੰਬਰ ਵਿੱਚ ਆਸਟਰੇਲੀਆਈ ਸਰਕਾਰ ਨੇ ਜੋਕੋਵਿਚ ਤੋਂ ਤਿੰਨ ਸਾਲ ਦੀ ਪਾਬੰਦੀ ਵੀ ਹਟਾ ਦਿੱਤੀ ਸੀ। ਉਸ ਨੇ ਜੋਕੋਵਿਚ ਨੂੰ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਲਈ ਵੀਜ਼ਾ ਵੀ ਦਿੱਤਾ ਹੈ।

ਇਹ ਵੀ ਪੜ੍ਹੋ : ਕ੍ਰਿਕਟ ਜਗਤ ਨੂੰ 'ਜ਼ਖ਼ਮ' ਦੇ ਗਿਆ 2022, ਵਾਰਨ-ਸਾਇਮੰਡਸ ਨੇ ਛੱਡੀ ਦੁਨੀਆ, ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

ਜੋਕੋਵਿਚ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ। ਉਸ ਨੇ ਅਗਲੇ ਹਫ਼ਤੇ ਐਡੀਲੇਡ ਇੰਟਰਨੈਸ਼ਨਲ ਵਿੱਚ ਹਿੱਸਾ ਲੈਣਾ ਹੈ। ਉਸ ਨੇ ਕਿਹਾ, 'ਆਸਟ੍ਰੇਲੀਆ ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਮੈਨੂੰ ਬਹੁਤ ਸਫਲਤਾ ਮਿਲੀ ਹੈ, ਖਾਸ ਕਰਕੇ ਮੈਲਬੌਰਨ ਵਿੱਚ। ਸਾਰੇ ਗ੍ਰੈਂਡ ਸਲੈਮ ਵਿੱਚੋਂ, ਮੈਂ ਆਸਟ੍ਰੇਲੀਅਨ ਓਪਨ ਵਿੱਚ ਸਭ ਤੋਂ ਸਫਲ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਅੱਗੇ ਤੋਂ ਸਭ ਕੁਝ ਠੀਕ ਰਹੇਗਾ। ਬੇਸ਼ੱਕ, ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਦਾ ਅੰਦਾਜ਼ਾ ਨਹੀਂ ਲਗਾ ਸਕਦਾ।

ਜੋਕੋਵਿਚ ਨੇ ਕਿਹਾ, 'ਮੈਂ ਚੰਗਾ ਟੈਨਿਸ ਖੇਡਣ ਦੀ ਕੋਸ਼ਿਸ਼ ਕਰਾਂਗਾ ਅਤੇ ਦਰਸ਼ਕਾਂ ਵਿਚ ਚੰਗੀਆਂ ਭਾਵਨਾਵਾਂ ਲੈ ਕੇ ਆਵਾਂਗਾ।' ਸਟਾਰ ਟੈਨਿਸ ਖਿਡਾਰੀ ਨੇ ਕਿਹਾ ਕਿ ਉਸ ਲਈ ਡਿਪੋਰਟ ਨੂੰ ਭੁੱਲਣਾ ਆਸਾਨ ਨਹੀਂ ਹੈ। ਉਸ ਨੇ ਕਿਹਾ, 'ਜ਼ਾਹਿਰ ਹੈ ਕਿ 12 ਮਹੀਨੇ ਪਹਿਲਾਂ ਜੋ ਹੋਇਆ ਉਹ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੀ ਟੀਮ ਲਈ ਅਤੇ ਮੇਰੇ ਕਰੀਬੀ ਲੋਕਾਂ ਲਈ ਆਸਾਨ ਨਹੀਂ ਸੀ। ਇਸ ਤਰ੍ਹਾਂ ਦੇਸ਼ ਛੱਡਣਾ ਨਿਰਾਸ਼ਾਜਨਕ ਸੀ। ਤੁਸੀਂ ਅਜਿਹੀਆਂ ਘਟਨਾਵਾਂ ਨੂੰ ਭੁੱਲ ਨਹੀਂ ਸਕਦੇ। ਪਰ ਮੈਂ ਹੁਣ ਇਸ ਤੋਂ ਅੱਗੇ ਵਧਣ 'ਤੇ ਧਿਆਨ ਦੇ ਰਿਹਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News