ਜੋਕੋਵਿਚ ਹਾਰ ਦੇ ਡਰ ਅਤੇ ਤਣਾਅ ਤੋਂ ਨਜਿੱਠਣ ਲਈ ਲੈਂਦੇ ਹਨ ਮੈਡੀਟੇਸ਼ਨ ਦਾ ਸਹਾਰਾ

Sunday, Jan 21, 2018 - 04:28 PM (IST)

ਮੈਲਬੋਰਨ, (ਬਿਊਰੋ)— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅੱਜ ਕਿਹਾ ਕਿ ਚੋਟੀ ਦੇ ਪੱਧਰ ਦੀ ਟੈਨਿਸ 'ਚ ਹਾਰ ਦੇ ਡਰ ਅਤੇ ਤਣਾਅ ਤੋਂ ਨਜਿੱਠਣ 'ਚ ਮੈਡੀਟੇਸ਼ਨ (ਧਿਆਨ) ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ। ਸਾਬਕਾ ਵਿਸ਼ਵ ਦੇ ਨੰਬਰ ਇਕ ਅਤੇ 12 ਗ੍ਰੈਂਡ ਸਲੈਮ ਜੇਤੂ ਜੋਕੋਵਿਚ ਨੇ ਕਿਹਾ ਕਿ ਪਿਛਲੇ ਸਾਲ ਕੋਹਣੀ ਦੀ ਪਰੇਸ਼ਾਨੀ ਦੇ ਦੌਰਾਨ ਉਹ ਅਕਸਰ ਲੰਬੇ ਸਮੇਂ ਤੱਕ ਧਿਆਨ 'ਚ ਮਗਨ ਰਹਿੰਦੇ ਸਨ। 

ਪਿਛਲੇ ਸਾਲ ਜੁਲਾਈ 'ਚ ਹੋਏ ਵਿੰਬਲਡਨ ਦੇ ਬਾਅਦ ਆਪਣਾ ਪਹਿਲਾ ਗ੍ਰੈਂਡ ਸਲੈਮ ਖੇਡ ਰਹੇ ਜੋਕੋਵਿਚ ਆਸਟਰੇਲੀਆਈ ਓਪਨ 'ਚ ਨਵੇਂ ਕੋਚ ਅੱਠ ਗ੍ਰੈਂਡਸਲੈਮ ਖਿਤਾਬ ਜੇਤੂ ਆਂਦਰੇ ਅਗਾਸੀ ਦੇ ਨਾਲ ਆਏ ਹਨ। ਓਪਨ ਦੇ ਚੌਥੇ ਦੌਰ 'ਚ ਜਗ੍ਹਾ ਪੱਕੀ ਕਰਨ ਵਾਲੇ ਜੋਕੋਵਿਚ ਨੇ ਕਿਹਾ ਕਿ ਉਹ ਰੋਜ਼ਾਨਾ ਮੈਡੀਟੇਸ਼ਨ (ਧਿਆਨ ਲਗਾਉਣਾ) ਕਰਦੇ ਹਨ। ਉਨ੍ਹਾਂ ਕਿਹਾ, ''ਹਾਂ ਮੈਂ ਕਰਦਾ ਹਾਂ, ਮੈਂ ਇਹ ਨਹੀਂ ਦਸਣਾ ਚਾਹੁੰਦਾ ਕਿ ਮੈਨੂੰ ਇਸ ਨਾਲ ਕੀ ਮਿਲਦਾ ਹੈ, ਪਰ ਮੈਂ ਇਹ ਦੱਸਾਂਗਾ ਕਿ ਇਸ ਨਾਲ ਮੈਂ ਕੀ ਗੁਆਉਂਦਾ ਹਾਂ।'' ਜੋਕੋਵਿਚ ਨੇ ਕਿਹਾ, ''ਮੈਂ ਡਰ ਗੁਆਉਂਦਾ ਹਾਂ, ਮੈਂ ਚਿੰਤਾ ਗੁਆਉਂਦਾ ਹਾਂ। ਮੈਂ ਤਣਾਅ ਗੁਆਉਂਦਾ ਹਾਂ ਅਤੇ ਦਿਨ ਦੇ ਖਤਮ ਹੋਣ 'ਤੇ ਤੁਸੀਂ ਅਜਿਹਾ ਹੀ ਚਾਹੁੰਦੇ ਹੋ।''


Related News