ਇੰਗਲੈਂਡ ਕਲੀਨ ਸਵੀਪ ਦੇ ਨਾਲ ਟੀ-20 ''ਚ ਬਣਿਆ ਨੰਬਰ-1

Wednesday, Dec 02, 2020 - 07:58 PM (IST)

ਇੰਗਲੈਂਡ ਕਲੀਨ ਸਵੀਪ ਦੇ ਨਾਲ ਟੀ-20 ''ਚ ਬਣਿਆ ਨੰਬਰ-1

ਕੇਪਟਾਊਨ– ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਡੇਵਿਡ ਮਲਾਨ ਦੀ ਅਜੇਤੂ 99 ਦੌੜਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਇਕਪਾਸੜ ਅੰਦਾਜ਼ ਵਿਚ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ 9 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਕੇ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ।
ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 3 ਵਿਕਟਾਂ 'ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦਕਿ ਇੰਗਲੈਂਡ ਨੇ 17.4 ਓਵਰਾਂ ਵਿਚ ਇਕ ਵਿਕਟ 'ਤੇ 192 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਮਲਾਨ ਨੇ ਸਿਰਫ 47 ਗੇਂਦਾਂ 'ਤੇ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 99 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਲਈ ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਮਲਾਨ ਪਿਛਲੇ ਮੈਚ ਵਿਚ ਵੀ ਮੈਨ ਆਫ ਦਿ ਮੈਚ ਬਣਿਆ ਸੀ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਮਲਾਨ ਨੂੰ ਮੈਨ ਆਫ ਦਿ ਸੀਰੀਜ਼ ਦਾ ਐਵਾਰਡ ਦਿੱਤਾ ਗਿਆ।

PunjabKesari
ਮਲਾਨ ਕੋਲ ਆਪਣਾ ਦੂਜਾ ਟੀ-20 ਸੈਂਕੜਾ ਪੂਰਾ ਕਰਨ ਦਾ ਮੌਕਾ ਸੀ ਪਰ ਕੁਝ ਗਲਤੀਫਹਿਮੀ ਦੇ ਕਾਰਣ ਉਸਦੇ ਹੱਥੋਂ ਇਹ ਮੌਕਾ ਨਿਕਲ ਗਿਆ। ਮਲਾਨ ਨੂੰ ਸੈਂਕੜਾ ਪੂਰਾ ਕਰਨ ਲਈ ਚੌਕਾ ਲਾਉਣਾ ਸੀ ਪਰ ਉਹ ਅਗਲੀ ਗੇਂਦ 'ਤੇ ਸਿੰਗਲ ਦੇ ਲਈ ਦੌੜ ਪਿਆ ਤੇ 99 ਦੌੜਾਂ 'ਤੇ ਅਜੇਤੂ ਰਹਿ ਗਿਆ। ਹਾਲਾਂਕਿ ਉਸ ਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਸੀ ਕਿ ਇੰਗਲੈਂਡ ਨੇ ਸੀਰੀਜ਼ ਨੂੰ ਕਲੀਨ ਸਵੀਪ ਕੀਤਾ ਤੇ ਟੀ-20 ਰੈਂਕਿੰਗ ਵਿਚ ਨੰਬਰ ਵਨ ਬਣ ਗਿਆ।
ਇੰਗਲੈਂਡ ਨੇ ਰੈਂਕਿੰਗ ਵਿਚ ਆਸਟਰੇਲੀਆ ਨੂੰ ਹਟਾ ਦਿੱਤਾ। ਹਾਲਾਂਕਿ ਇੰਗਲੈਂਡ ਤੇ ਆਸਟਰੇਲੀਆ ਦੇ ਇਕ ਬਰਾਬਰ 275 ਅੰਕ ਹਨ ਪਰ ਦਸ਼ਮਲਵ ਦੀ ਗਣਨਾ ਤੋਂ ਬਾਅਦ ਇੰਗਲੈਂਡ ਪਹਿਲੇ ਤੇ ਆਸਟਰੇਲੀਆ ਦੇ ਦੂਜੇ ਸਥਾਨ 'ਤੇ ਹੈ। ਉਥੇ ਹੀ ਭਾਰਤ ਤੀਜੇ, ਪਾਕਿਸਤਾਨ ਚੌਥੇ, ਦੱਖਣੀ ਅਫਰੀਕਾ ਪੰਜਵੇਂ ਤੇ ਨਿਊਜ਼ੀਲੈਂਡ ਛੇਵੇਂ ਸਥਾਨ 'ਤੇ ਹੈ।
ਮਲਾਨ ਨੇ ਟੀ-20 'ਚ ਹਾਸਲ ਕੀਤੇ ਸਭ ਤੋਂ ਵੱਧ ਰੇਟਿੰਗ ਅੰਕ- ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਇੰਗਲੈਂਡ ਦੇ ਡੇਵਿਡ ਮਲਾਨ ਨੇ ਆਈ. ਸੀ. ਸੀ. ਟੀ-20 ਕ੍ਰਿਕਟ ਰੈਂਕਿੰਗ ਵਿਚ ਸਭ ਤੋਂ ਵੱਧ 913 ਰੇਟਿੰਗ ਅੰਕ ਹਾਸਲ ਕਰ ਲਏ ਹਨ। ਮਲਾਨ 913 ਅੰਕਾਂ ਨਾਲ ਮੌਜੂਦਾ ਸਮੇਂ ਵਿਚ ਵਿਸ਼ਵ ਦਾ ਨੰਬਰ ਇਕ ਟੀ-20 ਬੱਲੇਬਾਜ਼ ਹੈ। ਮਲਾਨ ਨੇ ਦੱਖਣੀ ਅਫਰੀਕਾ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਸ਼ਾਨਦਾਰ 173 ਦੌੜਾਂ ਬਣਾਈਆਂ, ਜਿਸ 'ਚ ਉਸਦੀ ਆਖਰੀ ਮੁਕਾਬਲੇ ਵਿਚ ਅਜੇਤੂ 99 ਦੌੜਾਂ ਤੇ ਦੂਜੇ ਮੈਚ ਵਿਚ 53 ਦੌੜਾਂ ਦੀ ਪਾਰੀ ਸ਼ਾਮਲ ਹੈ।
ਮਲਾਨ ਟੀ-20 ਰੈਂਕਿੰਗ ਵਿਚ 900 ਤੋਂ ਵੱਧ ਅੰਕ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼ ਹੈ । ਇਸ ਤੋਂ ਪਹਿਲਾਂ ਸਾਲ 2018 ਜੁਲਾਈ ਵਿਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੇ 900 ਅੰਕ ਹਾਸਲ ਕੀਤੇ ਸਨ। ਮਲਾਨ ਇਸ ਉਛਾਲ ਤੋਂ ਬਾਅਦ ਦੂਜੇ ਨੰਬਰ 'ਤੇ ਮੌਜੂਦ ਪਾਕਿਸਤਾਨ ਦੇ ਬਾਬਰ ਆਜ਼ਾਮ ਤੋਂ 44 ਅੰਕ ਅੱਗੇ ਹੋ ਗਿਆ ਹੈ।


author

Gurdeep Singh

Content Editor

Related News