IND vs BAN 2nd T20I : ਨਿਤੀਸ਼ ਰੈੱਡੀ ਦੇ ਧਮਾਕੇਦਾਰ 7 ਛੱਕੇ, ਯੁਵਰਾਜ-ਵਿਰਾਟ ਦੀ ਲਿਸਟ 'ਚ ਹੋਏ ਸ਼ਾਮਲ
Thursday, Oct 10, 2024 - 01:51 PM (IST)
ਨਵੀਂ ਦਿੱਲੀ— ਨਿਤੀਸ਼ ਕੁਮਾਰ ਰੈੱਡੀ ਨੇ ਆਪਣੇ ਦੂਜੇ ਟੀ-20 ਮੈਚ 'ਚ ਕੌਮਾਂਤਰੀ ਮੰਚ 'ਤੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। 21 ਸਾਲਾ ਖਿਡਾਰੀ ਦਾ ਬੱਲਾ ਉਸ ਸਮੇਂ ਚਲਿਆ ਜਦੋਂ ਟੀਮ ਇੰਡੀਆ 41 ਦੌੜਾਂ 'ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲ ਸਥਿਤੀ 'ਚ ਸੀ। ਰੈੱਡੀ ਨੇ ਪਾਰੀ ਦੀ ਸ਼ੁਰੂਆਤ 'ਚ ਧੀਰਜ ਨਾਲ ਬੱਲੇਬਾਜ਼ੀ ਕੀਤੀ ਅਤੇ ਪਹਿਲੀਆਂ 13 ਗੇਂਦਾਂ 'ਤੇ ਸਿਰਫ 12 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਉਸ ਨੇ ਤੇਜ਼ ਸ਼ਾਟ ਲਗਾਏ। ਖਾਸ ਕਰਕੇ ਬੰਗਲਾਦੇਸ਼ ਦੇ ਸਪਿਨਰਾਂ ਦੇ ਖਿਲਾਫ ਉਹ ਕਾਫੀ ਹਮਲਾਵਰ ਨਜ਼ਰ ਆਇਆ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਰਿੰਕੂ ਸਿੰਘ ਨਾਲ ਚੌਥੀ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸਿਖਰ 'ਤੇ ਪਹੁੰਚਾਇਆ। ਨਿਤੀਸ਼ ਰੈੱਡੀ ਨੇ ਮੈਚ ਵਿੱਚ 34 ਗੇਂਦਾਂ ਵਿੱਚ 4 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ ਅਤੇ ਯੁਵਰਾਜ ਸਿੰਘ ਅਤੇ ਵਿਰਾਟ ਕੋਹਲੀ ਦੀ ਸ਼ਾਨਦਾਰ ਸੂਚੀ ਵਿੱਚ ਜਗ੍ਹਾ ਬਣਾ ਲਈ। ਰਿਕਾਰਡ ਦੇਖੋ-
ਟੀ-20 ਵਿੱਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਇੱਕ ਪਾਰੀ ਵਿੱਚ ਸਪਿਨ ਵਿਰੁੱਧ ਸਭ ਤੋਂ ਵੱਧ ਦੌੜਾਂ
65 ਅਭਿਸ਼ੇਕ ਸ਼ਰਮਾ ਬਨਾਮ ਜ਼ਿੰਬਾਬਵੇ, ਹਰਾਰੇ 2024
57 ਯੁਵਰਾਜ ਸਿੰਘ ਬਨਾਮ ਪਾਕਿਸਤਾਨ, ਅਹਿਮਦਾਬਾਦ 2012
55 ਰੁਤੂਰਾਜ ਗਾਇਕਵਾੜ ਬਨਾਮ ਆਸਟ੍ਰੇਲੀਆ, ਗੁਹਾਟੀ 2023
54 ਵਿਰਾਟ ਕੋਹਲੀ ਬਨਾਮ ਅਫਗਾਨਿਸਤਾਨ, ਦੁਬਈ 2022
53 ਨਿਤੀਸ਼ ਰੈਡੀ ਬਨਾਮ ਬੰਗਲਾਦੇਸ਼, ਦਿੱਲੀ 2024
ਪਹਿਲੇ T20I ਵਿੱਚ 50+ ਸਕੋਰ ਬਣਾਉਣ ਵਾਲਾ ਸਭ ਤੋਂ ਘੱਟ ਉਮਰ (ਭਾਰਤ)
(20 ਸਾਲ, 143 ਦਿਨ) - ਰੋਹਿਤ ਸ਼ਰਮਾ 50* ਬਨਾਮ ਦੱਖਣੀ ਅਫਰੀਕਾ, ਡਰਬਨ 2007
(20 ਸਾਲ, 271 ਦਿਨ) - ਤਿਲਕ ਵਰਮਾ 51 ਬਨਾਮ ਵਿੰਡੀਜ਼ 2023
(21 ਸਾਲ, 38 ਦਿਨ) - ਰਿਸ਼ਭ ਪੰਤ 58 ਬਨਾਮ ਵੈਸਟ ਇੰਡੀਜ਼ ਚੇਨਈ 2018
(21 ਸਾਲ, 136 ਦਿਨ) - ਨਿਤੀਸ਼ ਰੈਡੀ 50* ਬਨਾਮ ਬੰਗਲਾਦੇਸ਼, ਦਿੱਲੀ 2024
ਕੌਣ ਹੈ ਨਿਤੀਸ਼ ਰੈਡੀ
ਨਿਤੀਸ਼ ਰੈੱਡੀ ਨੂੰ ਆਈਪੀਐਲ 2024 ਵਿੱਚ ਉਸ ਦੇ ਆਲ-ਰਾਊਂਡਰ ਪ੍ਰਦਰਸ਼ਨ ਕਾਰਨ ਸੀਜ਼ਨ ਦਾ ਉੱਭਰਦਾ ਖਿਡਾਰੀ ਚੁਣਿਆ ਗਿਆ। 21 ਸਾਲ ਦੇ ਨਿਤੀਸ਼ ਕੁਮਾਰ ਰੈੱਡੀ ਤੇਜ਼ ਗੇਂਦਬਾਜ਼ ਆਲਰਾਊਂਡਰ ਹਨ। ਉਸਨੇ IPL 2024 ਵਿੱਚ 13 ਮੈਚਾਂ ਵਿੱਚ ਦੋ ਵਾਰ ਨਾਬਾਦ ਰਹਿੰਦੇ ਹੋਏ 303 ਦੌੜਾਂ ਬਣਾਈਆਂ। ਉਸ ਦਾ ਸਟ੍ਰਾਈਕ ਰੇਟ 142.92 ਸੀ। ਉਸ ਨੇ ਸੀਜ਼ਨ 'ਚ 3 ਵਿਕਟਾਂ ਵੀ ਲਈਆਂ। ਵਿਸ਼ਾਖਾਪਟਨਾ, ਆਂਧਰਾ ਪ੍ਰਦੇਸ਼ ਵਿੱਚ ਜਨਮੇ ਨਿਤੀਸ਼ ਘਰੇਲੂ ਕ੍ਰਿਕਟ ਵਿੱਚ ਆਂਧਰਾ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਉਸਨੇ ਸਾਲ 2020 ਵਿੱਚ ਕੇਰਲ ਦੇ ਖਿਲਾਫ ਪਹਿਲੀ ਸ਼੍ਰੇਣੀ ਵਿੱਚ ਡੈਬਿਊ ਕੀਤਾ ਸੀ। ਆਪਣੇ 5 ਸਾਲ ਦੇ ਕਰੀਅਰ 'ਚ ਉਨ੍ਹਾਂ ਨੇ 20 ਫਸਟ ਕਲਾਸ, 22 ਲਿਸਟ ਏ ਅਤੇ 20 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਕ੍ਰਮਵਾਰ 627, 403 ਅਤੇ 395 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ 54, 14 ਅਤੇ 3 ਵਿਕਟਾਂ ਆਪਣੇ ਨਾਂ ਕੀਤੀਆਂ।
ਇਸ ਤਰ੍ਹਾਂ ਮੁਕਾਬਲਾ ਹੋਇਆ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਨਿਤੀਸ਼ ਰੈੱਡੀ ਦੀਆਂ 74 ਦੌੜਾਂ, ਰਿੰਕੂ ਸਿੰਘ ਦੀਆਂ 53 ਦੌੜਾਂ ਅਤੇ ਹਾਰਦਿਕ ਪੰਡਯਾ ਦੀਆਂ 32 ਦੌੜਾਂ ਦੀ ਮਦਦ ਨਾਲ 9 ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਨੇ ਇਹ ਸਕੋਰ ਉਸ ਸਮੇਂ ਬਣਾਇਆ ਜਦੋਂ ਟੀਮ ਸਿਰਫ 41 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਭਾਰਤੀ ਟੀਮ ਨੇ ਆਪਣੀ ਪਾਰੀ ਦੌਰਾਨ 15 ਛੱਕੇ ਲਗਾਏ, ਜੋ ਕਿ ਬੰਗਲਾਦੇਸ਼ ਖਿਲਾਫ ਭਾਰਤ ਦਾ ਵੱਡਾ ਰਿਕਾਰਡ ਹੈ। ਜਵਾਬ 'ਚ ਬੰਗਲਾਦੇਸ਼ ਦੀ ਟੀਮ 135 ਦੌੜਾਂ ਹੀ ਬਣਾ ਸਕੀ ਅਤੇ 86 ਦੌੜਾਂ ਨਾਲ ਮੈਚ ਹਾਰ ਗਈ।