ਪਿਤਾ ਦੀ ਮੌਤ ਤੋਂ ਬਾਅਦ ਮਾਂ ਦਾ ਸੰਘਰਸ਼ ਲਿਆਇਆ ਰੰਗ, ਹੁਣ ਨਿਸ਼ਾ ਨੇ ਦਿੱਤਾ ਗੋਲਡ ਤੋਹਫਾ

12/12/2019 3:00:39 PM

ਨਵੀਂ ਦਿੱਲੀ : ਬਿਜਲੀ ਦਾ ਕੰਮ ਕਰਨ ਵਾਲੇ ਪਿਤਾ ਦੀ 7 ਸਾਲ ਪਹਿਲਾਂ ਜਦੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਤਦ 3 ਬੱਚਿਆਂ ਦਾ ਭਾਰ ਮਾਂ ਕਾਂਤਾ ਦੇ ਮੋਢਿਆਂ 'ਤੇ ਆ ਗਿਆ ਸੀ। ਮਾਂ ਨੇ ਕਿਸੇ ਤਰ੍ਹਾਂ ਇਕ ਮੱਝ ਦਾ ਪ੍ਰਬੰਧ ਕਰ ਕੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਮਾਂ ਕਾਂਤਾ ਦੀ ਬੇਟੀ ਨਿਸ਼ਾ ਨੂੰ ਸੋਨੀਪਤ ਦੇ ਪਿੰਚ ਚੁਲਕਾਨਾ ਵਿਚ ਕਬੱਡੀ ਖੇਡਣ ਦੀ ਛੁੱਟ ਦੇ ਦਿੱਤੀ ਗਈ। ਮਾਂ ਦੁੱਧ ਵੇਚ ਕੇ ਮੁਸ਼ਕਿਲ ਨਾਲ ਘਰ ਚਲਾ ਰਹੀ ਸੀ ਅਤੇ ਪਿੰਡ ਵਿਚ ਕਬੱਡੀ ਖੇਡਣਾ ਨਿਸ਼ਾ ਲਈ ਕਰੀਅਰ ਬਣ ਗਿਆ।

ਸਿਰਫ 17 ਸਾਲ ਦੀ ਉਮਰ ਵਿਚ ਇਸ ਛੋਟੀ ਬੇਟੀ ਨੇ ਨਾ ਸਿਰਫ ਭਾਰਤੀ ਟੀਮ ਵਿਚ ਜਗ੍ਹਾ ਬਣਾਈ ਸਗੋਂ ਨੇਪਾਲ ਵਿਚ ਮੰਗਲਵਾਰ ਨੂੰ ਖਤਮ ਹੋਏ ਦੱਖਣੀ ਏਸ਼ੀਆਈ ਖੇਡਾਂ (ਸੈਗ) ਵਿਚ ਸੋਨ ਤਮਗਾ ਜਿੱਤ ਕੇ ਮਾਂ ਨੂੰ ਅਣਮੁੱਲਾ ਤੋਹਫਾ ਦਿੱਤਾ। ਸੈਗ ਦੇ ਤਮਗਾ ਜੇਤੂਆਂ ਦੀ ਖੇਡ ਮੰਤਰੀ ਕਿਰੇਨ ਰਿਜਿਜੂ ਨਾਲ ਮੁਲਾਕਾਤ ਤੋਂ ਪਹਿਲਾਂ ਨਿਸ਼ਾ ਨੇ ਕਿਹਾ ਕਿ ਪਿੰਡ ਦੇ ਕੋਚ ਰਾਧੇ ਉਸ ਨੂੰ ਬਵਾਨਾ ਦੇ ਸਾਈ ਸੈਂਟਰ ਵਿਚ ਕੋਚ ਕਮਲਾ ਸੋਲੰਕੀ ਦੇ ਕੋਲ ਲਿਆਏ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਘੱਟ ਉਮਰ ਵਿਚ ਹੀ ਭਾਰਤੀ ਟੀਮ ਵਿਚ ਜਗ੍ਹਾ ਬਣਾਏਗੀ। ਇਹ ਉਸਦਾ ਪਹਿਲਾ ਵਿਦੇਸ਼ੀ ਦੌਰਾ ਸੀ। ਨਿਸ਼ਾ ਨੂੰ ਆਪਣੀ ਮਾਂ ਦਾ ਤਿਆਗ ਭੁੱਲਦਾ ਨਹੀਂ ਹੈ। ਮਾਂ ਨੇ ਕਾਫੀ ਸੰਘਰਸ਼ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਭਰਾਵਾਂ ਨੂੰ ਪਾਲਿਆ ਹੈ।

ਹੁਣ ਸੋਨ ਤਮਗਾ ਜਿੱਤਣ ਤੋਂ ਬਾਅਦ ਲਗਦਾ ਹੈ ਕਿ ਉਹ ਵੀ ਮਾਂ ਲਈ ਕੁਝ ਕਰ ਸਕੇਗੀ। ਨਿਸ਼ਾ ਬੀਤੇ ਸਾਲ ਏਸ਼ੀਆਈ ਖੇਡਾਂ ਲਈ ਲੱਗੇ ਭਾਰਤੀ ਕੈਂਪ ਵਿਚ ਵੀ ਸੀ। ਉਹ ਉਸ ਦੌਰਾਨ ਟੀਮ ਵਿਚ ਤਾਂ ਚੁਣੀ ਨਹੀਂ ਜਾ ਸਕੀ ਪਰ ਹੁਣ ਉਸਦਾ ਇਹੀ ਸੁਪਨਾ ਹੈ ਕਿ 2022 ਦੇ ਏਸ਼ੀਆਈ ਖੇਡਾਂ ਵਿਚ ਉਹ ਭਾਰਤ ਲਈ ਖੇਡ ਕੇ ਜਕਾਰਤਾ ਵਿਚ ਈਰਾਨ ਹੱਥੋਂ ਮਿਲੀ ਹਾਰ ਦਾ ਬਦਲਾ ਲੈ ਸਕੇ।


Related News