ਭਾਰਤ ਦੇ ਨਿਹਾਲ ਸਰੀਨ ਨੂੰ ਮਿਲਿਆ 2020 ਦੇ ਸਭ ਤੋਂ ਬਿਹਤਰੀਨ ਸ਼ਤਰੰਜ ਮੈਚ ਦਾ ਐਵਾਰਡ
Friday, Jan 22, 2021 - 02:11 AM (IST)
ਮਾਸਕੋ (ਨਿਕਲੇਸ਼ ਜੈਨ) – ਵਿਸ਼ਵ ਸ਼ਤਰੰਜ ਸੰਘ ਨੇ ਇਸ ਸਾਲ ਦੀ ਗਜ਼ਬ ਦੀ ਫਾਰਮ ਤੇ ਸਰਵਸ੍ਰੇਸ਼ਠ ਖੇਡ ਐਵਾਰਡ ਲਈ ਭਾਰਤੀ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੂੰ ਚੁਣਿਆ ਹੈ। ਨਿਹਾਲ ਨੇ ਪਿਛਲੇ ਸਾਲ ਵਿਸ਼ਵ ਯੂਥ ਚੈਂਪੀਅਨਸ਼ਿਪ ਵਿਚ 21 ਦਸੰਬਰ 2020 ਨੂੰ ਇਟਲੀ ਦੇ ਸੋਨਿਕ ਫਰਾਂਸਿਸਕੋ ਵਿਰੁੱਧ 2 ਘੋੜਿਆਂ ਦੀ ਕੁਰਬਾਨੀ ਦਿੰਦੇ ਹੋਏ ਇਕ ਬੇਹੱਦ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਤੇ ਉਸਦੀ ਉਸ ਖੇਡ ਦੀ ਚਰਚਾ ਤੇ ਸ਼ਲਾਘਾ ਦੁਨੀਆ ਦੇ ਵੱਡੇ-ਵੱਡੇ ਧਾਕੜ ਖਿਡਾਰੀਆਂ ਨੇ ਕੀਤੀ ਸੀ। ਉਸ ਮੈਚ ਨੂੰ ਪਿਛਲੇ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਮੰਨਿਆ ਗਿਆ ਹੈ।
ਫਿ਼ਡੇ ਦੀ ਫੈਸਲਾ ਕਮੇਟੀ ਵਿਚ 9 ਵਿਚੋਂ 5 ਮੈਂਬਰਾਂ ਨੇ ਨਿਹਾਲ ਨੂੰ ਚੁਣਿਆ। ਇੰਗਲੈਂਡ ਦੇ ਡੇਨੀਅਲ ਕਿੰਗ, ਅਮਰੀਕਾ ਦੇ ਲੇਵੀ ਰੋਜਮਨ ਤੇ ਭਾਰਤ ਦੇ ਸਾਗਰ ਸ਼ਾਹ, ਲਕਸਮਬਰਗ ਦੀ ਫਿਓਨਾ ਅੰਟੋਨੀ ਤੇ ਗ੍ਰੀਸ ਦੇ ਸੋਲੀਡਿਸ ਗੇਓਰਜੀਅਸ ਨੇ ਉਸ ਨੂੰ ਆਪਣੀ ਵੋਟ ਦਿੱਤੀ ਤੇ ਇਸਦੇ ਨਾਲ ਹੀ ਨਿਹਾਲ ਇਹ ਐਵਾਰਡ ਜਿੱਤਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ । ਇਸ ਦੇ ਨਾਲ ਹੀ ਦੁਨੀਆ ਭਰ ਵਿਚ ਉਸ ਨੂੰ ਇਕ ਵਾਰ ਫਿਰ ਭਾਰਤ ਦੇ ਅਗਲੇ ਵਿਸ਼ਵਨਾਥਨ ਆਨੰਦ ਦੇ ਤੌਰ ’ਤੇ ਦੇਖਿਆ ਜਾਣ ਲੱਗਾ ਤੇ ਭਵਿੱਖ ਵਿਚ ਉਸਦੇ ਵਿਸ਼ਵ ਚੈਂਪੀਅਨ ਬਣਨ ਦੀ ਗੱਲ ’ਤੇ ਬਹਿਸ ਹੋਣ ਲੱਗੀ ਹੈ। ਕੁਝ ਦਿਨ ਪਹਿਲਾਂ ਹੋਈ ਆਨਲਾਈਨ ਫਿਡੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਸੀ ਤੇ ਇਸ ਸਾਲ ਭਾਰਤ ਨੂੰ ਸ਼ਤਰੰਜ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਾਲੀ ਟੀਮ ਵਿਚ ਵੀ ਉਹ ਸ਼ਾਮਲ ਸੀ।