ਨਿਕੋਲਸ ਪੂਰਨ CPL ’ਚ ਇਸ ਟੀਮ ਦੀ ਕਰਨਗੇ ਕਪਤਾਨੀ
Sunday, May 23, 2021 - 08:45 PM (IST)
ਸਪੋਰਟਸ ਡੈਸਕ— ਨਿਕੋਲਸ ਪੂਰਨ ਨੂੰ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੇ 2021 ਦੇ ਸੈਸ਼ਨ ਲਈ ਗਿਆਨਾ ਅਮੇਜ਼ਨ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਪੂਰਨ ਟੀਮ ਦੀ ਕਪਤਾਨੀ ਕ੍ਰਿਸ ਗ੍ਰੀਨ ਦੀ ਜਗ੍ਹਾ ਸੰਭਾਲਣਗੇ ਜਿਨ੍ਹਾਂ ਨੂੰ ਫ਼੍ਰੈਂਚਾਈਜ਼ੀ ਨੇ ਇਸ ਸੈਸ਼ਨ ’ਚ ਰਿਲੀਜ਼ ਕਰ ਦਿੱਤਾ ਹੈ। ਵਾਰੀਅਰਸ ’ਚ ਪਿਛਲੇ ਸੈਸ਼ਨ ਦੀ ਟੀਮ ਤੋਂ 11 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਟੀਮ ਨੇ ਪਿਛਲੇ ਸੈਸ਼ਨ ’ਚ ਸਭ ਤੋਂ ਜ਼ਿਆਦਾ 16 ਵਿਕਟ ਲੈਣ ਵਾਲੇ ਗੇਂਦਬਾਜ਼ ਮੁਜੀਬ ਉਲ ਰਹਿਮਾਨ ਨੂੰ ਨਜ਼ਰਅੰਦਾਜ਼ ਕੀਤਾ ਹੈ।
ਪਿਛਲੇ ਸੈਸ਼ਨ ’ਚ ਜਮੈਕਾ ਤਾਲਾਵਾਸ ਦੇ ਨਾਲ ਖ਼ਰਾਬ ਸਬੰਧ ਰੱਖਣ ਵਾਲੇ ਆਂਦਰੇ ਰਸਲ ਨੂੰ ਜਮੈਕਾ ਟੀਮ ਨੇ ਆਪਣੇ ਨਾਲ ਬਰਕਰਾਰ ਰਖਿਆ ਹੈ ਜਦਕਿ ਦੋ ਵਾਰ ਦੇ ਚੈਂਪੀਅਨ ਬਾਰਬਾਡੋਸ ਟ੍ਰਾਈਡੇਂਟਸ ਨੇ ਜੈਸਨ ਹੋਲਡਰ ਨੂੰ ਕਪਤਾਨ ਦੇ ਰੂਪ ’ਚ ਬਰਕਰਾਰ ਰਖਿਆ ਹੈ ਹਾਲਾਂਕਿ ਟੀਮ 2020 ਸੈਸ਼ਨ ’ਚ 7 ਮੈਚ ਹਾਰ ਕੇ ਸੈਮੀਫ਼ਾਈਨਲ ਦੇ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਸੀ। ਸਾਬਕਾ ਚੈਂਪੀਅਨ ਤ੍ਰਿਨਬਾਗੋ ਨਾਈਟ ਰਾਈਡਰਜ਼ ਨੇ ਤਜਰਬੇਕਾਰ ਡਵੇਨ ਬ੍ਰਾਵੋ ਨਾਲ ਸਬੰਧ ਤੋੜ ਲਿਆ ਹੈ ਤੇ ਉਨ੍ਹਾਂ ਦੀ ਸੇਂਟ ਕਿਟਸ ਐਂਡ ਨੇਵਿਸ ਪੇਟ੍ਰਾਇਟਸ ਨਾਲ ਟ੍ਰੇਡਿੰਗ ਕਰ ਲਈ ਹੈ।
ਉਨ੍ਹਾਂ ਨੂੰ ਬਦਲੇ ’ਚ ਦਿਨੇਸ਼ ਰਾਮਦੀਨ ਮਿਲੇ ਹਨ। ਟੀਮ ਨੇ ਆਪਣੇ ਵਧੇਰੇ ਖਿਡਾਰੀ ਬਰਕਰਾਰ ਰੱਖੇ ਹਨ ਤੇ ਕੀਰੋਨ ਪੋਲਾਰਡ ਟੀਮ ਦੇ ਕਪਤਾਨ ਬਣੇ ਰਹਿਣਗੇ। ਸਾਬਕਾ ਉਪ ਜੇਤੂ ਸੇਂਟ ਲੂਸੀਆ ਜੋਕਸ ਇਸ ਸੈਸ਼ਨ ’ਚ ਨਵੇਂ ਕਪਤਾਨ ਦੇ ਨਾਲ ਉਤਰਨਗੇ। ਡੇਰੇਨ ਸੈਮੀ ਨੇ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ ਤੇ ਉਹ ਟੀਮ ਦੇ ਨਾਲ ਸਲਾਹਕਾਰ ਤੇ ਬ੍ਰਾਂਡ ਅੰਬੈਸਡਰ ਦੇ ਤੌਰ ’ਤੇ ਰਹਿਣਗੇ।