NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
Thursday, Feb 17, 2022 - 08:30 PM (IST)
ਕ੍ਰਾਇਸਟਚਰਚ- ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਕਾਤਿਲਾਨਾ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲਾਂ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਦੱਖਣ ਅਫਰੀਕਾ ਨੂੰ ਪਹਿਲੀ ਪਾਰੀ ’ਚ ਸਿਰਫ਼ 95 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਤੇ ਫਿਰ ਬੱਲੇਬਾਜ਼ੀ ਕਰਦਿਆਂ 39 ਓਵਰਾਂ ’ਚ 3 ਵਿਕਟਾਂ ’ਤੇ 116 ਦੌੜਾਂ ਬਣਾ ਕੇ 21 ਦੌੜਾਂ ਦੀ ਬੜ੍ਹਤ ਲੈ ਲਈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਮਹਿਮਾਨ ਦੱਖਣ ਅਫਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਤਜਰਬੇਕਾਰ ਗੇਂਦਬਾਜ਼ ਮੈਟ ਹੈਨਰੀ ਦੀ ਕਾਤਿਲਾਨਾ ਗੇਂਦਬਾਜ਼ੀ ਦੀ ਬਦੌਲਤ ਉਸ ਨੂੰ 49.2 ਓਵਰਾਂ ’ਚ ਸਿਰਫ਼ 95 ਦੌੜਾਂ ’ਤੇ ਢੇਰ ਕਰ ਦਿੱਤਾ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਹੈਨਰੀ ਨੇ 15 ਓਵਰਾਂ ’ਚ 23 ਦੌੜਾਂ ’ਤੇ 7 ਵਿਕਟਾਂ ਲਈਆਂ। ਉਨ੍ਹਾਂ ਨੇ ਦੱਖਣ ਅਫਰੀਕਾ ਦੇ ਟਾਪ ਆਰਡਰ ਤੋਂ ਲੈ ਕੇ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਇਹ ਉਨ੍ਹਾਂ ਦਾ ਟੈਸਟ ਕਰੀਅਰ ਦਾ ਸਭ ਤੋਂ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਵੀ ਹੈ। ਇਸ ਤੋਂ ਇਲਾਵਾ ਟਿਮ ਸਾਊਥੀ, ਕਾਇਲ ਜੈਮੀਸਨ ਤੇ ਨੀਲ ਵੈਗਨਰ ਨੇ 1-1 ਵਿਕਟ ਲਈ। ਫਿਲਹਾਲ ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਤੇ ਨਾਈਟ ਵਾਚਮੈਨ ਦੇ ਰੂਪ ’ਚ ਖੇਡਣ ਆਏ ਨੀਲ ਵੈਗਨਰ ਕਰੀਜ਼ ’ਤੇ ਹਨ ਤੇ ਕ੍ਰਮਵਾਰ: 5 ਚੌਕਿਆਂ ਦੀ ਮਦਦ ਨਾਲ 54 ਗੇਂਦਾਂ ’ਤੇ 37 ਤੇ 12 ਗੇਂਦਾਂ ’ਚ 2 ਦੌੜਾਂ ’ਤੇ ਖੇਡ ਰਹੇ ਹਨ। ਦੱਖਣ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ਾਂ ਡੁਆਨੇ ਓਲੀਵਿਅਰ ਨੇ 8 ਓਵਰਾਂ ’ਚ 36 ਦੌੜਾਂ ’ਤੇ 2 ਤੇ ਮਾਰਕੇ ਯਾਨਸਨ ਨੇ 8 ਓਵਰਾਂ ’ਚ 11 ਦੌੜਾਂ ’ਤੇ 1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ’ਚ ਦੱਖਣ ਅਫਰੀਕਾ ਦੇ ਸਾਰੇ ਬੱਲੇਬਾਜ਼ ਨਿਊਜ਼ੀਲੈਂਡ ਦੀ ਕਾਤਿਲਾਨਾ ਗੇਂਦਬਾਜ਼ੀ ਦੇ ਅੱਗੇ ਬੇਬੱਸ ਦਿਖੇ ਤੇ ਲਗਾਤਾਰ ਵਿਕਟਾਂ ਗੁਆਉਂਦੇ ਰਹੇ। ਜ਼ੁਬੈਰ ਹਮਜ਼ਾ ਨੇ 3 ਚੌਕਿਆਂ ਦੀ ਮਦਦ ਨਾਲ 74 ਗੇਂਦਾਂ ’ਤੇ ਸਭ ਤੋਂ ਵੱਧ 25 ਤੇ ਵਿਕਟਕੀਪਰ ਕਾਇਲ ਵੇਰੇਨੇ ਨੇ 2 ਚੌਕਿਆਂ ਦੀ ਮਦਦ ਨਾਲ 52 ਗੇਂਦਾਂ ’ਤੇ 18 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।