ਸ੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ

07/30/2019 2:43:39 AM

ਨਵੀਂ ਦਿੱਲੀ - ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਦਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਸੀਰੀਜ਼ ਲਈ ਐਲਾਨ ਹੋਇਆ ਹੈ। ਵਿਸ਼ਵ ਕੱਪ 2019 ਵਿਚ ਮਿਲੀ ਦਿਲ ਤੋੜ ਦੇਣ ਵਾਲੀ ਹਾਰ ਤੋਂ ਬਾਅਦ ਕੀਵੀ ਟੀਮ ਦਾ ਇਹ ਪਹਿਲਾ ਦੌਰਾ ਹੈ। ਕੇਨ ਵਿਲੀਅਮਸਨ ਦੀ ਕਪਤਾਨੀ ਵਿਚ ਟੀਮ ਸ੍ਰੀਲੰਕਾ ਵਿਚ ਦੋ ਟੈਸਟ ਮੈਚ ਖੇਡੇਗੀ। ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਹ 2 ਮੈਚ 14 ਤੋਂ 18 ਅਗਸਤ ਤੇ 22 ਤੋਂ 26 ਅਗਸਤ ਵਿਚਾਲੇ ਖੇਡੇ ਜਾਣੇ ਹਨ। ਇਸ ਤੋਂ ਇਲਾਵਾ ਸ੍ਰੀਲੰਕਾਈ ਦੌਰੇ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਤਿੰਨ ਟੀ-20 ਮੈਚ ਵੀ ਖੇਡਣੇ ਹਨ। ਏਸ਼ੀਆ ਵਿਚ ਖੇਡਣ ਲਈ ਨਿਊਜ਼ੀਲੈਂਡ ਦੀ ਟੀਮ ਦੇ ਚੋਣਕਾਰਾਂ ਨੇ ਸਪਿੰਨਰਾਂ 'ਤੇ ਯਕੀਨ ਕੀਤਾ ਹੈ ਤੇ 15 ਮੈਂਬਰੀ ਟੀਮ ਵਿਚ ਚਾਰ ਸਪਿੰਨਰਾਂ ਨੂੰ ਸ਼ਾਮਲ ਕੀਤਾ ਹੈ। ਇਸ ਬਾਰੇ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੇਡ ਦਾ ਮੰਨਣਾ ਹੈ ਕਿ ਸ੍ਰੀਲੰਕਾ ਵਿਚ ਸਪਿੰਨਰਾਂ ਨੂੰ ਮਦਦ ਮਿਲਣ ਵਾਲੀ ਹੈ। ਇਸ ਲਈ ਸਪਿੰਨਰਾਂ ਦੀ ਚੌਕੜੀ ਦੇ ਰੂਪ ਵਿਚ ਏਜਾਜ ਪਟੇਲ, ਵਿਲ ਸਮਰਵਿਲੇ, ਮਿਸ਼ੇਲ ਸੈਂਟਨਰ ਤੇ ਟਾਡ ਐਸਲੇ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਟੀਮ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 14 ਟੈਸਟ ਲੜੀਆਂ ਛੇ ਦੇਸ਼ਾਂ ਖ਼ਿਲਾਫ਼ ਖੇਡੇਗੀ। ਨੌਂ ਦੇਸ਼ਾਂ ਵਿਚਾਲੇ 1 ਅਗਸਤ ਤੋਂ 2021 ਤਕ ਖੇਡੀ ਜਾਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 27 ਟੈਸਟ ਲੜੀਆਂ ਖੇਡੀਆਂ ਜਾਣੀਆਂ ਹਨ।
ਨਿਊਜ਼ੀਲੈਂਡ ਟੀਮ 'ਚ ਸ਼ਾਮਲ ਖਿਡਾਰੀ :
ਕੇਨ ਵਿਲੀਅਮਸਨ (ਕਪਤਾਨ), ਟਾਮ ਲਾਥਮ, ਜੀਤ ਰਾਵਲ, ਰਾਸ ਟੇਲਰ, ਹੈਨਰੀ ਨਿਕੋਲਸ, ਬੀਜੇ ਵਾਟਲਿੰਗ, ਟਾਮ ਬਲੰਡੇਲ, ਕੋਲਿਨ ਡੀ ਗਰੈਂਡਹੋਮ, ਮਿਸ਼ੇਲ ਸੈਂਟਨਰ, ਟਾਡ ਐਸਲੇ, ਟਿਮ ਸਾਊਥੀ, ਵਿਲ ਸਮਰਵਿਲੇ, ਨੀਲ ਵੈਗਨਰ, ਏਜਾਜ ਪਟੇਲ ਤੇ ਟ੍ਰੇਂਟ ਬੋਲਟ।


Gurdeep Singh

Content Editor

Related News