ਨਿਊਜ਼ੀਲੈਂਡ ਕ੍ਰਿਕਟ ਨੇ ਈਡਨ ਗਾਰਡਨ ਦੀ ਸਤ੍ਹ ਤੇ ਆਲੇ-ਦੁਆਲੇ ਦੀਆਂ ਸਹੂਲਤਾਂ ਦਾ ਲਿਆ ਜਾਇਜ਼ਾ
Saturday, Nov 06, 2021 - 06:37 PM (IST)
ਕੋਲਕਾਤਾ- ਮੌਜੂਦਾ ਟੀ-20 ਵਰਲਡ ਕੱਪ ਦੇ ਖ਼ਤਮ ਹੋਣ ਦੇ ਠੀਕ ਬਾਅਦ ਸ਼ੁਰੂ ਹੋਣ ਵਾਲੀ ਭਾਰਤ-ਨਿਊਜ਼ੀਲੈਂਡ ਟੀ-20 ਸੀਰੀਜ਼ ਦੀਆਂ ਤਿਆਰੀਆਂ ਵਿਚਾਲੇ ਨਿਊਜ਼ੀਲੈਂਡ ਕ੍ਰਿਕਟ ਦੀ ਇਕ ਰੇਕੀ ਟੀਮ ਨੇ ਈਡਨ ਗਾਰਡਨਸ ਦੀ ਸਤ੍ਹ ਤੇ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਹੈ ਤੇ ਇਸ 'ਤੇ ਸੰਤੋਖ ਪ੍ਰਗਟਾਇਆ ਹੈ।
ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਦੇ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 21 ਨਵੰਬਰ ਨੂੰ ਟੀ-20 ਸੀਰੀਜ਼ ਦਾ ਤੀਜਾ ਤੇ ਆਖ਼ਰੀ ਮੈਚ ਈਡਨ ਗਾਰਡਨਸ 'ਚ ਖੇਡਿਆ ਜਾਣਾ ਹੈ ਤੇ ਇਸੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੀ ਟੀਮ ਰੇਕੀ ਟੀਮ ਨੇ ਸ਼ੁੱਕਰਵਾਰ ਨੂੰ ਈਡਨ ਗਾਰਡਨਸ ਦਾ ਦੌਰਾ ਕੀਤਾ। ਇਸ ਦੌਰਾਨ ਰੇਕੀ ਟੀਮ 'ਚ ਮੌਜੂਦ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਪ੍ਰਬੰਧਕ ਮਾਈਕ ਸੈਂਡਲ ਤੇ ਹੈੱਡ ਆਫ ਰਿਸਕ ਐਂਡ੍ਰਿਊ ਲਵ ਨੇ ਸੀ. ਏ. ਬੀ. ਪ੍ਰਧਾਨ ਅਭਿਸ਼ੇਕ ਡਾਲਮੀਆ ਤੇ ਸਕੱਤਰ ਸਨੇਹਾਸ਼ੀਸ਼ ਗਾਂਗੁਲੀ ਸਮੇਤ ਸੀ. ਏ. ਬੀ. ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਡਾਲਮੀਆ ਨੇ ਇਸ ਬਾਰੇ ਦੱਸਿਆ ਕਿ ਦੌਰੇ ਦੇ ਬਾਅਦ ਸਟੇਡੀਅਮ 'ਤੇ ਸਹੂਲਤਾਂ ਤੇ ਬਾਇਓ-ਬਬਲ ਵਿਵਸਥਾ ਦੇ ਮਿਆਰਾਂ ਨੂੰ ਦੇਖ ਕੇ ਨਿਊਜ਼ੀਲੈਂਡ ਦੀ ਕ੍ਰਿਕਟ ਰੇਕੀ ਟੀਮ ਨੇ ਸੰਤੋਖ ਜਤਾਇਆ।