ਨੈਪੋਮਨਿਆਚੀ ਤੋਂ ਵੀ ਹਾਰਿਆ ਆਨੰਦ, ਲਗਾਤਾਰ 6ਵੀਂ ਹਾਰ

Monday, Jul 27, 2020 - 10:55 PM (IST)

ਨੈਪੋਮਨਿਆਚੀ ਤੋਂ ਵੀ ਹਾਰਿਆ ਆਨੰਦ, ਲਗਾਤਾਰ 6ਵੀਂ ਹਾਰ

ਚੇਨਈ– ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ 1,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਲੀਜੈਂਡਸ ਆਫ ਚੈੱਸ ਆਨਲਾਈਨ ਟੂਰਨਾਮੈਂਟ ਵਿਚ ਮਾੜਾ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੂੰ ਰੂਸ ਦੇ ਇਯਾਨ ਨੈਪੋਮਨਿਆਚੀ ਵਿਰੁੱਧ 2-3 ਦੀ ਹਾਰ ਨਾਲ ਲਗਾਤਾਰ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਆਨੰਦ ਨੇ 6ਵੇਂ ਦੌਰ ਦੇ ਮੁਕਾਬਲੇ ਦੀ ਸ਼ੁਰੂਆਤ ਡਰਾਅ ਦੇ ਨਾਲ ਕੀਤੀ। ਆਨੰਦ ਨੇ ਚੰਗੀ ਰੱਖਿਆਤਮਕ ਖੇਡ ਦਿਖਾਈ ਤੇ 53 ਚਾਲਾਂ ਤੋਂ ਬਾਅਦ ਦੋਵੇਂ ਖਿਡਾਰੀ ਡਰਾਅ ਲਈ ਰਾਜ਼ੀ ਹੋ ਗਏ। ਰੂਸ ਦੇ ਖਿਡਾਰੀ ਨੇ ਹਾਲਾਂਕਿ ਦੂਜੇ ਗੇਮ ਵਿਚ 34 ਚਾਲਾਂ ਵਿਚ ਜਿੱਤ ਦਰਜ ਕਰਕੇ ਬੜ੍ਹਤ ਬਣਾਈ, ਜਿਸ ਤੋਂ ਬਾਅਦ ਤੀਜੀ ਬਾਜ਼ੀ ਬਰਾਬਰੀ 'ਤੇ ਛੁੱਟੀ।
ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ ਵਾਪਸੀ ਕਰਦੇ ਹੋਏ ਚੌਥੀ ਬਾਜ਼ੀ 42 ਚਾਲਾਂ ਵਿਚ ਜਿੱਤ ਕੇ ਮੁਕਾਬਲੇ ਨੂੰ ਟਾਈਬ੍ਰੇਕ ਵਿਚ ਖਿੱਚਿਆ। ਨੈਪੋਮਨਿਆਚੀ ਨੇ ਟਾਈਬ੍ਰੇਕ 41 ਚਾਲਾਂ ਵਿਚ ਜਿੱਤ ਕੇ 50 ਸਾਲ ਦੇ ਭਾਰਤੀ ਧਾਕੜ ਦੀ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਜਿੱਤ ਦੀ ਲੈਅ ਬਰਕਰਾਰ ਰੱਖਦੇ ਹੋਏ 17 ਅੰਕਾਂ ਨਾਲ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਨੈਪੋਮਿਨਆਚੀ 16 ਅੰਕਾਂ ਨਾਲ ਦੂਜੇ ਜਦਕਿ ਉਸਦਾ ਹਮਵਤਨ ਵਲਾਦੀਮਿਰ ਕ੍ਰਾਮਨਿਕ 12 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਮੈਗਨਸ ਕਾਰਲਸਨ ਟੂਰ 'ਤੇ ਡੈਬਿਊ ਕਰ ਰਿਹਾ ਆਨੰਦ 3 ਅੰਕਾਂ ਦੇ ਨਾਲ 9ਵੇਂ ਸਥਾਨ 'ਤੇ ਹੈ।
 


author

Inder Prajapati

Content Editor

Related News