ਵੈਸਟਇੰਡੀਜ਼ ਟੈਸਟ ਕ੍ਰਿਕਟ ਦਾ ਪਤਨ ‘ਕੈਂਸਰ’ ਹੈ, ਜੋ ਵਰ੍ਹਿਆਂ ਪਹਿਲਾਂ ਸ਼ੁਰੂ ਹੋਇਆ : ਸੈਮੀ
Thursday, Oct 09, 2025 - 10:59 AM (IST)

ਨਵੀਂ ਦਿੱਲੀ- ਸਾਬਕਾ ਕਪਤਾਨ ਡੇਰੇਨ ਸੈਮੀ ਨੇ ਕਿਹਾ ਕਿ ਵੈਸਟਇੰਡੀਜ਼ ’ਚ ਟੈਸਟ ਕ੍ਰਿਕਟ ਦਾ ਪਤਨ ਸਿਸਟਮ ਦਾ ‘ਕੈਂਸਰ’ ਹੈ, ਜਿਸ ਦੀ ਸ਼ੁਰੂਆਤ ਕਾਫੀ ਪਹਿਲਾਂ ਹੋ ਗਈ ਸੀ। 2 ਵਾਰ ਦੇ ਟੀ-20 ਵਿਸ਼ਵ ਕੱਪ ਜੇਤੂ ਕਪਤਾਨ ਦਾ ਮੰਨਣਾ ਹੈ ਕਿ ਪ੍ਰਦਰਸ਼ਨ ਦੇ ਦਮ ’ਤੇ ਅਗਲੀ ਪੀੜੀ ਲਈ ਛੋਟੇ ਫਾਰਮੈਟ ਦੇ ਕਈ ਰੋਲ ਮਾਡਲ ਹਨ ਅਤੇ ਸਾਧਨ ਉਪਲੱਬਧ ਹੋਣ ’ਤੇ ਹੀ ਉਹ ਖੇਡ ਸਕਦੇ ਹਨ। ਇਹ ਪੁੱਛਣ ’ਤੇ ਕਿ ਵੈਸਟਇੰਡੀਜ਼ ਵਿਚ ਟੈਸਟ ਕ੍ਰਿਕਟ ’ਚ ਕੀ ਦਿੱਕਤ ਹੈ ਅਤੇ ਉਸ ਨੂੰ ਇਸ ਨੂੰ ਲੈ ਕੇ ਕੀ ਮਹਿਸੂਸ ਹੁੰਦਾ ਹੈ ਤਾਂ ਸੈਮੀ ਨੇ ਕਿਹਾ ਕਿ ਆਖਰੀ ਵਾਰ ਅਸੀਂ ਇਥੇ ਟੈਸਟ ਲੜੀ 1983 ਵਿਚ ਜਿੱਤੀ ਸੀ, ਜਦੋਂ ਮੈਂ ਪੈਦਾ ਹੋਇਆ ਸੀ।
ਵੈਸਟਇੰਡੀਜ਼ ਨੇ ਪਿਛਲੇ 42 ਸਾਲਾਂ ’ਚ ਭਾਰਤ ’ਚ ਟੈਸਟ ਲੜੀ ਨਹੀਂ ਜਿੱਤੀ ਹੈ। ਸੈਮੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ’ਤੇ ਨਜ਼ਰਾਂ ਹੋਣਗੀਆਂ। ਅਸੀਂ ਆਲੋਚਨਾ ਤੋਂ ਕਤਰਾਉਂਦੇ ਨਹੀਂ ਹਾਂ ਪਰ ਸਮੱਸਿਆ ਦੀ ਜੜ 2 ਸਾਲ ਪੁਰਾਣੀ ਨਹੀਂ ਹੈ। ਇਹ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਇਹ ਕੈਂਸਰ ਦੀ ਤਰ੍ਹਾਂ ਹੈ, ਜੋ ਸਿਸਟਮ ’ਚ ਪਹਿਲਾਂ ਤੋਂ ਸੀ। ਜੇਕਰ ਤੁਹਾਨੂੰ ਕੈਂਸਰ ਨਹੀਂ ਹੁੰਦਾ ਤਾਂ ਤੁਹਾਨੂੰ ਪਤਾ ਹੈ ਕਿ ਕੀ ਹੁੰਦਾ ਹੈ। ਇਹ ਬ੍ਰੈਸਟ ਕੈਂਸਰ ਜਾਗਰੂਕਤਾ ਦਾ ਮਹੀਨਾ ਹੈ ਅਤੇ ਇਹ ਕਹਿਣ ਦਾ ਇਕ ਚੰਗਾ ਤਰੀਕਾ ਹੈ ਕਿ ਸਾਡੀਆਂ ਸਮੱਸਿਆਵਾਂ ਨਵੀਆਂ ਨਹੀਂ ਹਨ। ਇਹ ਸਾਡੇ ਸਿਸਟਮ ’ਚ ਡੂੰਘਾਈ ਨਾਲ ਜੜਾਂ ਵਿਛਾ ਚੁਕੀਆਂ ਹਨ।