ਪਾਵੋ ਨੂਰਮੀ ਖੇਡਾਂ ਤੋਂ ਆਪਣੀ ਓਲੰਪਿਕ ਤਿਆਰੀਆਂ ਸ਼ੁਰੂ ਕਰਨਗੇ ਨੀਰਜ ਚੋਪੜਾ
Monday, Jun 17, 2024 - 05:31 PM (IST)
ਤੁਰਕੂ (ਫਿਨਲੈਂਡ), (ਭਾਸ਼ਾ) ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ, ਜਿਸ ਨੇ ਮਾਮੂਲੀ ਸੱਟ ਤੋਂ ਉਭਰਨ ਲਈ ਕੁਝ ਸਮਾਂ ਆਰਾਮ ਕੀਤਾ ਸੀ, ਪਾਵੋ ਨੂਰਮੀ ਖੇਡਾਂ 'ਚ ਮੰਗਲਵਾਰ ਨੂੰ ਹਿੱਸਾ ਲੈ ਕੇ ਪੈਰਿਸ ਓਲੰਪਿਕ ਖੇਡਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਣਗੇ। ਚੋਪੜਾ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ। ਇਸ 26 ਸਾਲਾ ਖਿਡਾਰੀ ਨੂੰ ਜਰਮਨੀ ਦੇ ਕਿਸ਼ੋਰ ਐਥਲੀਟ ਮੈਕਸ ਡੇਹਿੰਗ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ 90 ਮੀਟਰ ਤੱਕ ਜੈਵਲਿਨ ਸੁੱਟਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ। ਇਸ 19 ਸਾਲਾ ਖਿਡਾਰੀ ਨੂੰ ਓਲੰਪਿਕ 'ਚ ਚੋਪੜਾ ਲਈ ਸਖਤ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ। ਉਸ ਤੋਂ ਇਲਾਵਾ ਸਥਾਨਕ ਖਿਡਾਰੀ ਓਲੀਵਰ ਹੈਲੈਂਡਰ ਵੀ ਇਸ ਇੱਕ ਰੋਜ਼ਾ ਮੁਕਾਬਲੇ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਸ ਨੇ ਚੋਪੜਾ ਨੂੰ ਪਿੱਛੇ ਛੱਡ ਕੇ ਇੱਥੇ 2022 ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਭਾਰਤੀ ਖਿਡਾਰੀ ਨੇ 2022 ਵਿੱਚ 89.30 ਮੀਟਰ ਜੈਵਲਿਨ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਹ ਉਸ ਸਮੇਂ ਉਸ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਵੀ ਸੀ। ਉਸਨੇ ਇਸੇ ਸਾਲ ਡਾਇਮੰਡ ਲੀਗ ਦੇ ਸਟਾਕਹੋਮ ਪੜਾਅ ਵਿੱਚ 89.94 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇਸ ਵਿੱਚ ਸੁਧਾਰ ਕੀਤਾ। ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਅਤੇ 2012 ਦੇ ਓਲੰਪਿਕ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੋਟ ਵੀ ਮੁਕਾਬਲਾ ਕਰਨਗੇ। ਚੋਪੜਾ ਪਿਛਲੇ ਮਹੀਨੇ ਆਪਣੇ ਪੱਟ ਦੀਆਂ ਮਾਸਪੇਸ਼ੀਆਂ ਵਿੱਚ ਹਲਕੇ ਦਰਦ ਕਾਰਨ ਓਸਟ੍ਰਾਵਾ ਗੋਲਡਨ ਸਪਾਈਕ ਮੁਕਾਬਲੇ ਤੋਂ ਹਟ ਗਏ ਸਨ। ਦੋਹਾ ਡਾਇਮੰਡ ਲੀਗ 'ਚ ਆਪਣੇ ਸੀਜ਼ਨ ਦੀ ਸ਼ੁਰੂਆਤ ਕਰਨ ਵਾਲੇ ਚੋਪੜਾ ਪਾਵੋ ਨੂਰਮੀ ਖੇਡਾਂ ਤੋਂ ਬਾਅਦ 7 ਜੁਲਾਈ ਨੂੰ ਪੈਰਿਸ ਡਾਇਮੰਡ ਲੀਗ 'ਚ ਹਿੱਸਾ ਲੈਣਗੇ।