ਨੀਰਜ ਚੋਪੜਾ ਦੀਆਂ ਨਜ਼ਰਾਂ ਇਕ ਹੋਰ ਇਤਿਹਾਸ ਰਚਣ 'ਤੇ, ਡਾਇਮੰਡ ਲੀਗ ਫਾਈਨਲਜ਼ 'ਚ ਨੇ ਪ੍ਰਮੁੱਖ ਦਾਅਵੇਦਾਰ
Thursday, Sep 08, 2022 - 12:15 PM (IST)
ਜ਼ਿਊਰਿਖ (ਏਜੰਸੀ)- ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੀਆਂ ਨਜ਼ਰਾਂ ਇਕ ਵਾਰ ਫਿਰ ਇਤਿਹਾਸ ਰਚਣ 'ਤੇ ਹਨ ਅਤੇ ਉਹ ਵੀਰਵਾਰ ਨੂੰ ਇੱਥੇ ਵੱਕਾਰੀ ਡਾਇਮੰਡ ਲੀਗ ਫਾਈਨਲਜ਼ ਵਿੱਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰਨਗੇ। ਚੋਪੜਾ ਨੇ ਸੱਟ ਕਾਰਨ ਇਕ ਮਹੀਨੇ ਤੱਕ ਬਾਹਰ ਰਹਿਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਡਾਇਮੰਡ ਲੀਗ ਸੀਰੀਜ਼ ਦਾ ਲੁਸਾਨੇ ਪੜਾਅ ਜਿੱਤ ਕੇ ਇੱਥੇ ਦੋ ਦਿਨਾਂ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਲੁਸਾਨੇ ਵਿੱਚ ਡਾਇਮੰਡ ਲੀਗ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ।
ਜੁਲਾਈ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਦੌਰਾਨ ਉਨ੍ਹਾਂ ਦੀ ਗ੍ਰੋਇਨ ਵਿਚ ਮਾਮੂਲੀ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਬਰਮਿੰਘਮ ਰਾਸ਼ਟਰਮੰਡਲ ਖੇਡਾਂ (28 ਜੁਲਾਈ ਤੋਂ 8 ਅਗਸਤ) ਵਿੱਚ ਹਿੱਸਾ ਨਹੀਂ ਲੈ ਸਕਿਆ। 24-ਸਾਲਾ ਭਾਰਤੀ ਸੁਪਰਸਟਾਰ ਨੇ ਵਾਪਸੀ ਕਰਨ ਤੋਂ ਤੁਰੰਤ ਬਾਅਦ ਫਾਰਮ ਹਾਸਲ ਕਰਦੇ ਹੋਏ 26 ਜੁਲਾਈ ਨੂੰ ਲੁਸਾਨੇ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ ਨੂੰ 89.08 ਮੀਟਰ ਤੱਕ ਥਰੋਅ ਕਰਕੇ ਖ਼ਿਤਾਬ ਆਪਣੇ ਨਾਮ ਕੀਤਾ ਸੀ। ਸੱਟ ਦਾ ਉਸ 'ਤੇ ਕੋਈ ਅਸਰ ਨਹੀਂ ਦਿਸ ਰਿਹਾ ਸੀ ਅਤੇ ਉਸ ਨੇ ਆਪਣੇ ਕਰੀਅਰ ਦਾ ਤੀਜਾ ਸਰਵੋਤਮ ਯਤਨ ਕੀਤਾ। ਹਰਿਆਣਾ ਦੇ ਪਾਣੀਪਤ ਨੇੜੇ ਖੰਡਾਰਾ ਪਿੰਡ ਦੇ ਇਸ ਨੌਜਵਾਨ ਖਿਡਾਰੀ ਦੀਆਂ ਨਜ਼ਰਾਂ ਹੁਣ ਆਪਣੇ ਪਹਿਲੇ ਡਾਇਮੰਡ ਲੀਗ ਫਾਈਨਲਜ਼ ਖ਼ਿਤਾਬ 'ਤੇ ਹੋਣਗੀਆਂ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।