‘ਬੈਜ਼ਬਾਲ’ ਵਿਚ ਸੁਧਾਰ ਦੀ ਲੋੜ : ਮੈਕਕੁਲਮ
Tuesday, Mar 12, 2024 - 10:39 AM (IST)
ਧਰਮਸ਼ਾਲਾ– ਭਾਰਤ ਵਿਰੁੱਧ ਅਤਿ ਹਮਲਾਵਰ ਰਵੱਈਆ ਕੰਮ ਨਾ ਆਉਣ ਤੋਂ ਬਾਅਦ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕਕੁਲਮ ਨੇ ਸਵੀਕਾਰ ਕੀਤਾ ਹੈ ਕਿ ਟੀਮ ਦੀ ਬਹੁਚਰਚਿਤ ‘ਬੈਜ਼ਬਾਲ’ ਸ਼ੈਲੀ ’ਚ ਕੁਝ ਬਦਲਾਅ ਦੀ ਲੋੜ ਹੈ। ਇੰਗਲੈਂਡ ਨੇ 5 ਮੈਚਾਂ ਦੀ ਲੜੀ ਦਾ ਆਗਾਜ਼ ਹੈਦਰਾਬਾਦ ’ਚ ਪਹਿਲਾ ਟੈਸਟ ਜਿੱਤ ਕੇ ਕੀਤਾ ਸੀ ਪਰ ਭਾਰਤ ਨੇ ਬਾਕੀ ਚਾਰੇ ਟੈਸਟ ਮੈਚਾਂ ਜਿੱਤ ਕੇ ਲੜੀ 4-1 ਨਾਲ ਆਪਣੇ ਨਾਂ ਕੀਤੀ। ਮੈਕਕੁਲਮ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਸਾਡੀਆਂ ਕਮਜ਼ੋਰੀਆਂ ਇਸ ਲੜੀ ’ਚ ਉਜਾਗਰ ਹੋਈਆਂ ਹਨ, ਸਾਨੂੰ ਡੂੰਘਾਈ ਨਾਲ ਸੋਚਣਾ ਪਵੇਗਾ ਤੇ ਸ਼ੈਲੀ ’ਚ ਕੁਝ ਬਦਲਾਅ ਕਰਨੇ ਪੈਣਗੇ।’’
ਉਸ ਨੇ ਕਿਹਾ,‘‘ਭਾਰਤੀ ਟੀਮ ਨੇ ਸਾਡੇ ’ਤੇ ਦਬਾਅ ਬਣਾਇਆ ਤੇ ਅਸੀਂ ਕਮਜ਼ੋਰ ਸਾਬਤ ਹੁੰਦੇ ਗਏ। ਗੇਂਦ ਨਾਲ, ਬੱਲੇ ਨਾਲ, ਖੇਡ ਦੇ ਹਰ ਵਿਭਾਗ ’ਚ ਉਨ੍ਹਾਂ ਨੇ ਸਾਨੂੰ ਦਬਾਅ ਵਿਚ ਲਿਆ ਦਿੱਤਾ।’’
ਅਤਿ ਹਮਲਾਵਰ ਖੇਡ ਦੀ ‘ਬੈਜ਼ਬਾਲ’ ਸ਼ੈਲੀ ਦੌਰਾਨ ਇੰਗਲੈਂਡ ਨੇ ਇਹ ਪਹਿਲੀ ਲੜੀ ਗੁਆਈ ਹੈ। ਬੇਨ ਸਟੋਕਸ ਤੇ ਉਸਦੀ ਟੀਮ ਪਿਛਲੀਆਂ ਤਿੰਨ ਲੜੀਆਂ ’ਚ ਜਿੱਤ ਦਰਜ ਨਹੀਂ ਕਰ ਸਕੀ ਹੈ, ਜਿਸ ਨਾਲ ਬੈਜ਼ਬਾਲ ’ਤੇ ਸਵਾਲ ਉੱਠਣ ਲੱਗੇ ਹਨ। ਮੈਕਕੁਲਮ ਨੇ ਕਿਹਾ,‘‘ਅਗਲੇ ਕੁਝ ਮਹੀਨਿਆਂ ’ਚ ਅਸੀਂ ਇਸ ’ਤੇ ਕੰਮ ਕਰਾਂਗੇ ਤੇ ਇਹ ਤੈਅ ਕਰਾਂਗੇ ਕਿ ਅਗਲੇ ਸੈਸ਼ਨ ’ਚ ਜਦੋਂ ਮੈਦਾਨ ’ਤੇ ਪਰਤੀਏ ਤਾਂ ਇਸ ਤੋਂ ਬਿਹਤਰ ਪ੍ਰਦਰਸ਼ਨ ਹੋਵੇ। ਭਾਰਤ ਨੇ ਸਾਨੂੰ ਉਸ ਤਰ੍ਹਾਂ ਨਾਲ ਖੇਡਣ ਨਹੀਂ ਦਿੱਤਾ, ਜਿਵੇਂ ਅਸੀਂ ਖੇਡਣਾ ਚਾਹੁੰਦੇ ਸੀ। ਸਾਨੂੰ ਆਪਣੀ ਸ਼ੈਲੀ ਦੀ ਸਮੀਖਿਆ ਕਰਕੇ ਸੁਧਾਰ ਕਰਨਾ ਪਵੇਗਾ।’’