ਕੌਮੀ ਖਿਡਾਰਨ ਸਨਮਪ੍ਰੀਤ ਨੇ ਲਾਏ ਪੱਖਪਾਤ ਦੇ ਦੋਸ਼

11/28/2017 2:43:23 AM

ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ)— ਹੁਸ਼ਿਆਰਪੁਰ ਵਿਖੇ ਹੋਈਆਂ ਪੰਜਾਬ ਰਾਜ ਬੈਡਮਿੰਟਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀ ਇਕ ਖਿਡਾਰਨ ਦੀ ਕੌਮੀ ਖੇਡਾਂ ਲਈ ਚੋਣ ਨਾ ਹੋਣ 'ਤੇ ਉਸ ਨੇ ਚੋਣ ਕਮੇਟੀ 'ਤੇ ਪੱਖਪਾਤ ਕਰਨ ਦਾ ਦੋਸ਼ ਲਾ ਕੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸਰਕਾਰ ਨੂੰ ਲਿਖੇ ਸ਼ਿਕਾਇਤ ਪੱਤਰ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰਨ ਸਨਮਪ੍ਰੀਤ ਕੌਰ ਸਾਨੀਆ ਅਤੇ ਉਸ ਦੇ ਕੋਚ ਪਿਤਾ ਮਾਸਟਰ ਨਿਰਮਲ ਸਿੰਘ ਪੱਤੋ, ਜੋ ਕਿ ਰਾਸ਼ਟਰੀ ਬੈਡਮਿੰਟਨ ਖਿਡਾਰੀ ਵੀ ਹੈ, ਨੇ ਦੱਸਿਆ ਕਿ ਉਹ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਬੈਡਮਿੰਟਨ ਖੇਡ ਦੀ ਨਰਸਰੀ ਮੰਨੇ ਜਾਂਦੇ ਮਾਲਵੇ ਦੇ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ਦੀ ਅੰਡਰ-17 ਸਾਲ ਦੀ ਖਿਡਾਰਨ ਹੈ। 
ਸਨਮਪ੍ਰੀਤ ਦੀ ਕਪਤਾਨੀ ਵਾਲੀ ਜ਼ਿਲਾ ਮੋਗਾ ਦੀ ਟੀਮ ਨੇ ਪਹਿਲੇ ਪੂਲ 'ਚ ਜ਼ਿਲਾ ਲੁਧਿਆਣਾ ਨੂੰ ਹਰਾਇਆ ਸੀ ਅਤੇ ਫਿਰ ਮੋਗਾ ਜ਼ਿਲਾ ਸੈਮੀਫਾਈਨਲ 'ਚ ਮੋਹਾਲੀ ਤੋਂ ਹਾਰ ਗਈ ਸੀ। ਉਨ੍ਹਾਂ ਦੱਸਿਆ ਕਿ ਕੌਮੀ ਖੇਡਾਂ ਲਈ ਪੰਜ ਖਿਡਾਰੀ ਚੁਣ ਕੇ ਭੇਜ ਜਾਂਦੇ ਹਨ। ਤਿਆਰ ਕੀਤੀ ਲਿਸਟ 'ਚ ਖਿਡਾਰਨ ਸਨਮਪ੍ਰੀਤ ਦਾ ਨਾਂ ਛੇਵੇਂ ਨੰਬਰ 'ਤੇ ਪਾਇਆ ਗਿਆ ਪਰ ਚੋਣ ਕਮੇਟੀ ਨੇ ਕਿਸੇ ਹੋਰ ਖਿਡਾਰਨ ਦਾ ਨਾਂ 5ਵੇਂ ਨੰਬਰ 'ਤੇ ਪਾ ਕੇ ਉਸ ਦੀ ਜ਼ਿੰਦਗੀ ਦਾ ਸੁਨਹਿਰੀ ਮੌਕਾ ਗੁਆ ਦਿੱਤਾ, ਜਦਕਿ ਸਨਮਪ੍ਰੀਤ ਦੀ ਮੈਰਿਟ ਅਨੁਸਾਰ ਉਸ ਦਾ ਨਾਂ ਚੌਥੇ ਨੰਬਰ 'ਤੇ ਪੈਣਾ ਚਾਹੀਦਾ ਸੀ। ਨਿਰਮਲ ਸਿੰਘ ਨੇ ਕਿਹਾ ਕਿ ਨਿਯਮਾਂ ਮੁਤਾਬਕ ਉਸ ਦੀ ਲੜਕੀ ਸਨਮਪ੍ਰੀਤ ਦਾ ਹੱਕ ਬਣਦਾ ਹੈ, ਜੋ ਲਿਹਾਜ਼ਾ ਪੂਰਨ ਲਈ ਛਿੱਕੇ ਟੰਗਿਆ ਗਿਆ ਹੈ। 
ਚੋਣ ਵੀ 8 ਅਧਿਕਾਰੀਆਂ 'ਚੋਂ ਸਿਰਫ ਤਿੰਨ ਅਧਿਕਾਰੀਆਂ ਨੇ ਕੀਤੀ ਹੈ, ਜਿਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਵੀ ਹਨ। ਖਿਡਾਰਨ ਸਨਮਪ੍ਰੀਤ ਨੇ ਕਿਹਾ ਕਿ ਪੱਖਪਾਤ ਹੋਣ ਨਾਲ ਉਸ ਦੇ ਮਨ ਨੂੰ ਬਹੁਤ ਵੱਡੀ ਠੇਸ ਪੁੱਜੀ ਹੈ ਅਤੇ ਉਸ ਦੀ ਜ਼ਿੰਦਗੀ ਦਾ ਸੁਨਹਿਰੀ ਮੌਕਾ ਖੁੰਝਿਆ ਹੈ। ਜ਼ਿਕਰਯੋਗ ਹੈ ਕਿ ਖਿਡਾਰਨ ਸਨਮਪ੍ਰੀਤ ਪਹਿਲਾਂ ਵੀ ਕੌਮੀ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ।


Related News