ਪੰਜਾਬ ਨੂੰ ਹਰਾ ਕੇ ਰੇਲਵੇ ਬਣਿਆ ਰਾਸ਼ਟਰੀ ਹਾਕੀ ਚੈਂਪੀਅਨ
Sunday, Feb 10, 2019 - 11:29 PM (IST)

ਗਵਾਲੀਅਰ— ਰੇਲਵੇ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਪੰਜਾਬ ਨੂੰ ਐਤਵਾਰ ਫਾਈਨਲ ਵਿਚ 3-2 ਨਾਲ ਹਰਾਇਆ ਤੇ 9ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਏ-ਡਵੀਜ਼ਨ ਦਾ ਖਿਤਾਬ ਜਿੱਤ ਲਿਆ। ਹਰਸਾਹਿਬ ਸਿੰਘ ਨੇ ਫਾਈਨਲ ਵਿਚ ਦੋ ਗੋਲ ਕ ਰਕੇ ਰੇਲਵੇ ਨੂੰ ਜੇਤੂ ਬਣਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਮੈਚ ਵਿਚ ਬੜ੍ਹਤ ਬਣਾਉਣ ਦਾ ਸਿਲਸਿਲਾ ਪੰਜਾਬ ਨੇ ਸ਼ੁਰੂ ਕੀਤਾ। ਰੁਪਿੰਦਰ ਪਾਲ ਸਿੰਘ ਨੇ 23ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਪੰਜਾਬ ਨੂੰ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ ਵਿਚ ਹਰਸਾਹਿਬ ਨੇ 35ਵੇਂ ਤੇ 43ਵੇਂ ਮਿੰਟ ਵਿਚ ਗੋਲ ਕਰ ਕੇ ਰੇਲਵੇ ਨੂੰ 2-1 ਨਾਲ ਅੱਗੇ ਕਰ ਦਿੱਤਾ। ਚੌਥੇ ਕੁਆਰਟਰ ਵਿਚ ਦਿਲਪ੍ਰੀਤ ਸਿੰਘ ਨੇ 57ਵੇਂ ਮਿੰਟ ਵਿਚ ਗੋਲ ਕਰ ਕੇ ਰੇਲਵੇ ਨੂੰ 3-1 ਨਾਲ ਅੱਗੇ ਕਰ ਦਿੱਤਾ। ਰਮਨਦੀਪ ਸਿੰਘ ਨੇ 60ਵੇਂ ਮਿੰਟ ਵਿਚ ਪੰਜਾਬ ਦਾ ਦੂਜਾ ਗੋਲ ਕੀਤਾ ਪਰ ਉਦੋਂ ਤਕ ਬਾਜ਼ੀ ਪੰਜਾਬ ਹੱਥੋਂ ਨਿਕਲ ਚੁੱਕੀ ਸੀ। ਰੇਲਵੇ ਰਾਸ਼ਟਰੀ ਹਾਕੀ ਚੈਂਪੀਅਨ ਬਣ ਗਿਆ।
ਕਾਂਸੀ ਤਮਗਾ ਮੁਕਾਬਲੇ ਵਿਚ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 4-1 ਨਾਲ ਹਰਾਇਆ। ਜੇਤੂ ਟੀਮ ਲਈ ਤਲਵਿੰਦਰ ਸਿੰਘ (8), ਦੇਵਿੰਦਰ ਵਾਲਮੀਕਿ (13ਵੇਂ ਮਿੰਟ), ਹਰਮਨਪ੍ਰੀਤ ਸਿੰਘ (49ਵੇਂ ਮਿੰਟ) ਤੇ ਮਨਦੀਪ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਬੈਂਕ ਟੀਮ ਵਲੋਂ ਗਗਨਪ੍ਰੀਤ ਸਿੰਘ (51ਵੇਂ ਮਿੰਟ) ਨੇ ਇਕਲੌਤਾ ਗੋਲ ਕੀਤਾ।