ਨਾਥਨ ਐਲਿਸ ਦੀ ਬਦੌਲਤ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਵਨਡੇ ਮੈਚ ''ਚ ਹਰਾਇਆ

Thursday, Jun 04, 2026 - 11:03 AM (IST)

ਨਾਥਨ ਐਲਿਸ ਦੀ ਬਦੌਲਤ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਵਨਡੇ ਮੈਚ  ''ਚ ਹਰਾਇਆ

ਲਾਹੌਰ- ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸ ਨਾਲ ਆਸਟ੍ਰੇਲੀਆ ਨੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ’ਚ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਦਿੱਤੀ।

ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ 9 ਵਿਕਟਾਂ ’ਤੇ 231 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਪਾਕਿਸਤਾਨ ਦੀ ਟੀਮ 44 ਓਵਰਾਂ ’ਚ 190 ਦੌੜਾਂ ’ਤੇ ਆਊਟ ਹੋ ਗਈ। ਆਸਟ੍ਰੇਲੀਆ ਦੀ ਵੱਲੋਂ ਕਪਤਾਨ ਜੋਸ਼ ਇੰਗਲਿਸ (51) ਤੇ ਕੈਮਰਨ ਗ੍ਰੀਨ (53) ਨੇ ਅਰਧ ਸੈਂਕੜੇ ਬਣਾਏ। ਇਨ੍ਹਾਂ ਤੋਂ ਇਲਾਵਾ ਮੈਥਿਊ ਰੇਨਸ਼ਾ ਨੇ 43 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ 19 ਸਾਲਾ ਓਲੀਵਰ ਪੀਕ ਨੇ 32 ਗੇਂਦਾਂ ’ਚ 31 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਪਾਕਿਸਤਾਨ ਦੀ ਵੱਲੋਂ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਨੇ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦਾ ਸਕੋਰ ਇਕ ਸਮੇਂ 6 ਵਿਕਟਾਂ ’ਤੇ 78 ਦੌੜਾਂ ਸੀ। ਸ਼ਾਦਾਬ ਖਾਨ ਨੇ 71 ਦੌੜਾਂ ਦੀ ਪਾਰੀ ਖੇਡੀ ਪਰ ਇਸ ਨਾਲ ਉਹ ਹਾਰ ਦਾ ਫਰਕ ਹੀ ਘੱਟ ਕਰ ਸਕਿਆ। ਇਸ ਤੋਂ ਇਲਾਵਾ ਗਾਜ਼ੀ ਗੌਰੀ ਨੇ 37 ਤੇ ਅਰਾਫਾਤ ਮਿਨਹਾਸ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਵੱਲੋਂ ਸਪਿੰਨਰ ਮੈਥਿਊ ਸ਼ਾਰਟ ਨੇ 36 ਦੌੜਾਂ ਦੇ ਕੇ 3 ਵਿਕਟਾਂ ਲੈ ਕੇ ਐਲਿਸ ਦਾ ਚੰਗਾ ਸਾਥ ਦਿੱਤਾ। ਲੜੀ ਦਾ ਤੀਜਾ ਤੇ ਆਖਰੀ ਮੈਚ ਇਸੇ ਸਥਾਨ ’ਤੇ ਵੀਰਵਾਰ ਨੂੰ ਖੇਡਿਆ ਜਾਵੇਗਾ।


author

Tarsem Singh

Content Editor

Related News