ਨਾਗਲ 23 ਸਥਾਨਾਂ ਦੀ ਛਲਾਂਗ ਨਾਲ ਏ. ਟੀ. ਪੀ. ਸਿੰਗਲਜ਼ ਰੈਂਕਿੰਗ ਦੇ ਟਾਪ-100 ’ਚ
Monday, Feb 12, 2024 - 06:54 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਨੇ ਸੋਮਵਾਰ ਨੂੰ 23 ਸਥਾਨਾਂ ਦੀ ਛਾਲ ਲਗਾ ਕੇ ਆਪਣੇ ਕਰੀਅਰ ਵਿਚ ਪਹਿਲੀ ਵਾਰ ਏ. ਟੀ. ਪੀ. ਸਿੰਗਲਜ਼ ਰੈਂਕਿੰਗ ਦੇ ਟਾਪ-100 ਵਿਚ ਪ੍ਰਵੇਸ਼ ਕੀਤਾ। ਐਤਵਾਰ ਨੂੰ ਚੇਨਈ ਓਪਨ ਚੈਲੰਜਰਜ਼ ਵਿਚ ਮਿਲੀ ਜਿੱਤ ਨਾਲ ਨਾਗਲ ਤਾਜ਼ਾ ਜਾਰੀ ਸਿੰਗਲਜ਼ ਰੈਂਕਿੰਗ ਵਿਚ 98ਵੇਂ ਸਥਾਨ ’ਤੇ ਪਹੁੰਚ ਗਿਆ, ਜਿਸ ਵਿਚ ਚੋਟੀ ’ਤੇ ਸਰਬੀਆਈ ਸਟਾਰ ਨੋਵਾਕ ਜੋਕੋਵਿਚ ਕਾਬਜ਼ ਹੈ।
ਪਿਛਲੇ ਮਹੀਨੇ ਨਾਗਲ ਗ੍ਰੈਂਡ ਸਲੈਮ ਵਿਚ 35 ਸਾਲ ਵਿਚ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਉਸ ਨੇ ਪਹਿਲੇ ਦੌਰ ਵਿਚ ਦੁਨੀਆ ਦੇ 27ਵੇਂ ਨੰਬਰ ਦੇ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਹਰਾ ਕੇ ਉਲਟਫੇਰ ਕੀਤਾ ਸੀ, ਹਾਲਾਂਕਿ ਦੂਜੇ ਦੌਰ ਵਿਚ ਉਹ ਚੀਨ ਦੇ ਜੁਨਚੇਂਗ ਸ਼ਾਂਗ ਤੋਂ ਹਾਰ ਗਿਆ ਸੀ। 2019 ਵਿਚ ਖੱਬੇ ਹੱਥ ਦੇ ਪ੍ਰਜਨੇਸ਼ ਗੁਣੇਸ਼ਵਰਨ ਦੇ ਟਾਪ-100 ਵਿਚ ਪਹੁੰਚਣ ਤੋਂ ਬਾਅਦ ਨਾਗਲ ਟਾਪ-100 ਵਿਚ ਜਗ੍ਹਾ ਬਣਾਉਣ ਵਾਲਾ ਪਹਿਲਾ ਭਾਰਤੀ ਹੈ।
ਨਾਗਲ ਨੇ ਐਤਵਾਰ ਨੂੰ ਚੇਨਈ ਵਿਚ ਮਿਲੀ ਜਿੱਤ ਤੋਂ ਬਾਅਦ ਕਿਹਾ ਸੀ,‘‘ਮੈਂ ਬਹੁਤ ਭਾਵੁਕ ਹਾਂ। ਹਰ ਟੈਨਿਸ ਖਿਡਾਰੀ ਦਾ ਸੁਪਨਾ ਘੱਟ ਤੋਂ ਘੱਟ ਟਾਪ-100 ਵਿਚ ਪਹੁੰਚਣਾ ਹੁੰਦਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਆਪਣੇ ਦੇਸ਼ ਦੇ ਘਰੇਲੂ ਦਰਸ਼ਕਾਂ ਸਾਹਮਣੇ ਇਹ ਮੈਚ ਜਿੱਤਣਾ ਸ਼ਾਨਦਾਰ ਹੈ, ਇਸਦੇ ਲਈ ਇਸ ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ ਸੀ।’’