ਨਦੀਮ ਤੇ ਕਰਣ ਨੇ ਭਾਰਤ-ਏ ਨੂੰ ਦਿਵਾਈ ਪਾਰੀ ਨਾਲ ਜਿੱਤ
Tuesday, Sep 26, 2017 - 02:55 AM (IST)
ਵਿਜਯਾਵਾੜਾ— ਲੈਫਟ ਆਰਮ ਸਪਿਨਰ ਸ਼ਾਹਬਾਜ਼ ਨਦੀਮ ਤੇ ਲੈੱਗ ਸਪਿਨਰ ਕਰਣ ਸ਼ਰਮਾ ਨੇ ਦੂਜੀ ਪਾਰੀ ਵਿਚ ਵੀ ਚਾਰ-ਚਾਰ ਵਿਕਟਾਂ ਹਾਸਲ ਕਰਦਿਆਂ ਨਿਊਜ਼ੀਲੈਂਡ-ਏ ਨੂੰ ਚਾਰ ਦਿਨਾ ਗ਼ੈਰ-ਅਧਿਕਾਰਤ ਟੈਸਟ ਮੈਚ ਦੇ ਤੀਜੇ ਹੀ ਦਿਨ ਸੋਮਵਾਰ 142 ਦੌੜਾਂ 'ਤੇ ਢੇਰ ਕਰ ਕੇ ਭਾਰਤ-ਏ ਨੂੰ ਪਾਰੀ ਤੇ 31 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਨਿਊਜ਼ੀਲੈਂਡ-ਏ ਨੇ ਪਹਿਲੀ ਪਾਰੀ 'ਚ 147 ਦੌੜਾਂ ਬਣਾਈਆਂ ਸਨ, ਜਦਕਿ ਭਾਰਤ-ਏ ਨੇ ਪਹਿਲੀ ਪਾਰੀ 'ਚ 320 ਦੌੜਾਂ ਬਣਾ ਕੇ 173 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ। ਕੀਵੀ ਟੀਮ ਦੇ ਬੱਲੇਬਾਜ਼ ਦੂਜੀ ਪਾਰੀ ਵਿਚ ਵੀ ਨਦੀਮ ਤੇ ਕਰਣ ਅੱਗੇ ਗੋਡੇ ਟੇਕ ਗਏ ਅਤੇ ਨਿਊਜ਼ੀਲੈਂਡ-ਏ ਦੀ ਟੀਮ ਦੂਜੀ ਪਾਰੀ 'ਚ 63.1 ਓਵਰਾਂ 'ਚ 142 ਦੌੜਾਂ 'ਤੇ ਢੇਰ ਹੋ ਗਈ।
ਨਦੀਮ ਤੇ ਕਰਣ ਨੇ ਪਹਿਲੀ ਪਾਰੀ ਵਿਚ ਵੀ ਚਾਰ-ਚਾਰ ਵਿਕਟਾਂ ਹਾਸਲ ਕੀਤੀਆਂ ਸਨ ਤੇ ਦੂਜੀ ਪਾਰੀ ਵਿਚ ਵੀ ਉਨ੍ਹਾਂ ਨੇ ਇਹੀ ਕਾਰਨਾਮਾ ਕਰ ਦਿਖਾਇਆ।
