ਸ਼ਾਪੋਵਾਲੋਵ ਨੂੰ ਹਰਾ ਕੇ ਆਸਟਰੇਲੀਆਈ ਓਪਨ ਦੇ ਸੈਮੀਫਾਈਨਲ ''ਚ ਪੁੱਜੇ ਨਡਾਲ
Tuesday, Jan 25, 2022 - 08:04 PM (IST)
ਸਪੋਰਟਸ ਡੈਸਕ- ਰਿਕਾਰਡ 21ਵਾਂ ਗਰੈਂਡਸਲੈਮ ਖਿਤਾਬ ਜਿੱਤਣ ਦੀ ਦਹਿਲੀਜ਼ ’ਤੇ ਖੜ੍ਹੇ ਛੇਵੀਂ ਰੈਂਕਿੰਗ ਦੇ ਸਪੇਨ ਦੇ ਰਾਫੇਲ ਨਡਾਲ ਨੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਪੰਜ ਸੈੱਟਾਂ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆਈ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਨਡਾਲ, ਰੋਜਰ ਫੇਡਰਰ ਅਤੇ ਨੋਵਾਕ ਜੋਕੋਵਿਕ ਦੇ ਨਾਂ 20 ਗ੍ਰੈਂਡਸਲੈਮ ਖਿਤਾਬ ਹਨ।
ਨਡਾਲ ਨੇ ਚਾਰ ਘੰਟੇ ਅੱਠ ਮਿੰਟ ਤਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿਚ 6-3, 6-4, 4-6, 3-6, 6-3 ਨਾਲ ਜਿੱਤ ਦਰਜ ਕੀਤੀ। ਪਹਿਲੇ ਦੋ ਸੈੱਟਾਂ ਵਿਚ ਹਾਵੀ ਰਹਿਣ ਤੋਂ ਬਾਅਦ ਤੀਸਰੇ ਅਤੇ ਚੌਥੇ ਸੈੱਟ ਵਿਚ ਪੇਟ ਦੀ ਗੜਬੜੀ ਕਾਰਨ ਉਨ੍ਹਾਂ ਦੀ ਲੈਅ ਟੁੱਟੀ ਪਰ ਫੈਸਲਾਕੁੰਨ ਸੈੱਟ ਜਿੱਤਕੇ ਨਡਾਲ ਨੇ ਆਖਰੀ ਚਾਰ ਵਿਚ ਜਗ੍ਹਾ ਬਣਾਈ। ਨਡਾਲ ਇੱਥੇ ਸਿਰਫ ਇਕ ਵਾਰ 2009 ਵਿਚ ਖਿਤਾਬ ਜਿੱਤ ਸਕੇ ਹਨ ਅਤੇ ਪਿਛਲੇ 13 ’ਚੋਂ ਸੱਤ ਕੁਆਰਟਰ ਫਾਈਨਲ ਹਾਰੇ ਹਨ।
ਨਡਾਲ ਨੇ ਪਹਿਲੇ ਸੈੱਟ ਵਿਚ 3-1 ਦੀ ਬੜ੍ਹਤ ਹਾਸਲ ਕੀਤੀ ਅਤੇ ਫਿਰ ਆਸਾਨੀ ਨਾਲ ਇਸਨੂੰ 6-3 ਨਾਲ ਆਪਣੇ ਨਾਂ ਕੀਤਾ। ਦੂਜੇ ਸੈੱਟ ’ਚ ਵੀ ਨਡਾਲ ਦੇ ਸਾਹਮਣੇ ਸ਼ਾਪੋਵਾਲੋਵ ਕੁਝ ਖਾਸ ਚੁਣੌਤੀ ਪੇਸ਼ ਨਹੀਂ ਕਰ ਸਕੇ ਅਤੇ ਨਡਾਲ ਨੇ ਇਸ ਸੈੱਟ ਨੂੰ 6-4 ਨਾਲ ਆਪਣੇ ਨਾਂ ਕੀਤਾ। ਤੀਸਰੇ ਸੈੱਟ ਵਿਚ ਹਾਲਾਂਕਿ, ਸ਼ਾਪੋਵਾਲੋਵ ਨੇ ਵਾਪਸੀ ਕੀਤੀ ਅਤੇ 3-2 ਦੀ ਬੜ੍ਹਤ ਬਣਾਈ। ਨਡਾਲ ਦੇ ਡਬਲ ਫਾਲਟ ਕਰਨ ਨਾਲ ਸ਼ਾਪੋਵਾਲੋਵ ਨੇ 5-4 ਦੀ ਬੜ੍ਹਤ ਲਈ ਅਤੇ ਫਿਰ ਇਹ ਸੈੱਟ 6-4 ਨਾਲ ਆਪਣੇ ਨਾਂ ਕੀਤਾ। ਚੌਥੇ ਸੈੱਟ ਵਿਚ ਨਡਾਲ ਦੀ ਗਲਤੀ ਨੇ ਸ਼ਾਪੋਵਾਲੋਵ ਨੂੰ 3-1 ਦੀ ਬੜ੍ਹਤ ਦਵਾਈ। ਕੈਨੇਡਾ ਦੇ ਇਸ ਖਿਡਾਰੀ ਨੇ ਫਿਰ ਨਡਾਲ ਦੇ ਅੱਗੇ ਕੋਈ ਭੁੱਲ ਨਹੀਂ ਕੀਤੀ ਅਤੇ ਇਸ ਸੈੱਟ ਨੂੰ 6-3 ਨਾਲ ਆਪਣੇ ਨਾਂ ਕੀਤਾ। ਫੈਸਲਾਕੁੰਨ ਸੈੱਟ ਵਿਚ ਸ਼ਾਪੋਵਾਲੋਵ ਦੇ ਡਬਲ ਫਾਲਟ ਨਾਲ ਨਡਾਲ ਨੇ 2-0 ਦੀ ਬੜ੍ਹਤ ਹਾਸਲ ਕੀਤੀ। ਸ਼ਾਪੋਵਾਲੋਵ ਨੂੰ ਨਡਾਲ ਨੇ ਫਿਰ ਕੋਈ ਮੌਕਾ ਨਹੀਂ ਦਿੰਦੇ ਹੋਏ ਪੰਜਵੇਂ ਸੈੱਟ ਨੂੰ 6-3 ਨਾਲ ਆਪਣੇ ਨਾਂ ਕਰ ਜਿੱਤ ਹਾਸਲ ਕਰ ਲਈ।