ਜਵੇਰੇਵ ਦੀ ਜਿੱਤ ਨਾਲ ਨਡਾਲ ATP ਫਾਈਨਲਜ਼ ''ਚੋਂ ਹੋਇਆ ਬਾਹਰ
Saturday, Nov 16, 2019 - 11:36 AM (IST)

ਲੰਡਨ : ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਦੀ ਡੈਨੀਅਲ ਮੇਦਵੇਦੇਵ 'ਤੇ ਜਿੱਤ ਕਾਰਣ ਰਾਫੇਲ ਨਡਾਲ ਦਾ ਏ. ਪੀ. ਪੀ. ਫਾਈਨਲਜ਼ ਦਾ ਖਿਤਾਬ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਅਤੇ ਸਪੇਨ ਦੇ ਇਸ ਖਿਡਾਰੀ ਨੂੰ ਸੈਸ਼ਨ ਦੇ ਆਖਰੀ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ। ਵਰਲਡ ਵਿਚ ਨੰਬਰ ਇਕ ਖਿਡਾਰੀ ਨਡਾਲ ਨੇ ਸਟੇਫੇਨੋਸ ਸਿਤਸਿਪਾਸ ਖਿਲਾਫ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰ ਕੇ 6-7 (4/7), 6-3, 7-5 ਨਾਲ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਵਿਚ ਉਸ ਦੀ ਜਗ੍ਹਾ ਅਗਲੇ ਮੈਚ 'ਤੇ ਨਿਰਭਰ ਸੀ।
ਜਵੇਰੇਵ ਦੀ ਮੇਦਵੇਦੇਵ 'ਤੇ 6-4, 7-6 (7/6) ਨਾਲ ਜਿੱਤ ਦਾ ਮਤਲਬ ਹੈ ਕਿ ਉਹ ਅਲੈਗਜ਼ੈਂਡਰ ਆਗਾਸੀ ਗਰੁਪ 'ਚੋਂ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੇ। ਸਿਤਸਿਪਾਸ ਪਹਿਲਾਂ ਹੀ ਗਰੁਪ ਵਿਚੋਂ ਆਖਰੀ ਚਾਰ ਵਿਚ ਪਹੁੰਚ ਗਏ ਸੀ। ਸਿਤਸਿਪਾਸ ਇਸ ਗਰੁਪ ਵਿਚ ਚੋਟੀ 'ਤੇ ਰਹੇ ਅਤੇ ਉਹ ਸੈਮੀਫਾਈਨਲ ਵਿਚ 6 ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨਾਲ ਭਿੜਨਗੇ। ਜਵੇਰੇਵ ਦਾ ਸਾਮਹਣਾ ਬਿਓਰਨ ਬੋਰਗ ਗਰੁਪ ਵਿਚੋਂ ਚੋਟੀ 'ਤੇ ਰਹੇ ਡੇਮਿਨਿਕ ਥੀਮ ਨਾਲ ਹੋਵੇਗਾ। ਫੈਡਰਰ ਇਸ ਗਰੁਪ ਵਿਚ ਦੂਜੇ ਸਥਾਨ 'ਤੇ ਰਹੇ।