ਨਡਾਲ ਅਤੇ ਓਸਤਾਪੇਂਕੋ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਦੌਰ ''ਚ ਪਹੁੰਚੇ
Thursday, Jul 06, 2017 - 04:20 PM (IST)

ਲੰਡਨ— ਦੋ ਵਾਰ ਦੇ ਚੈਂਪੀਅਨ ਅਤੇ ਫ੍ਰੈਂਚ ਓਪਨ ਦੇ ਬਾਅਦ ਲਗਾਤਾਰ ਦੂਜੇ ਗ੍ਰੈਂਡ ਸਲੈਮ ਦੇ ਲਈ ਖੇਡ ਰਹੇ ਸਪੇਨ ਦੇ ਰਾਫੇਲ ਨਡਾਲ ਅਤੇ ਮਹਿਲਾ ਚੈਂਪੀਅਨ ਯੇਲੇਨਾ ਓਸਤਾਪੇਂਕੋ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਚੌਥਾ ਦਰਜਾ ਪ੍ਰਾਪਤ ਨਡਾਲ ਨੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਅਮਰੀਕਾ ਦੇ ਡੋਨਾਲਡ ਯੰਗ ਨੂੰ ਲਗਾਤਾਰ ਸੈੱਟਾਂ 'ਚ 6-4, 6-2, 7-5 ਨਾਲ ਹਰਾਇਆ। ਸਪੈਨਿਸ਼ ਖਿਡਾਰੀ ਨੂੰ 43ਵੀਂ ਰੈਂਕਿੰਗ ਦੇ ਯੰਗ ਦੇ ਖਿਲਾਫ ਮੈਚ 'ਚ ਖਾਸ ਪਰੇਸ਼ਾਨੀ ਨਹੀਂ ਹੋਈ ਹੈ।
ਨਡਾਲ ਨੇ ਅਜੇ ਤੱਕ ਟੂਰਨਾਮੈਂਟ 'ਚ ਇਕ ਵੀ ਸੈੱਟ ਨਹੀਂ ਗੁਆਇਆ ਹੈ ਅਤੇ ਉਹ ਇਸੇ ਲੈਅ ਦੇ ਨਾਲ ਅਗਲੇ ਮੈਚ 'ਚ 21 ਸਾਲਾ ਰੂਸੀ ਖਿਡਾਰੀ ਕਾਰੇਨ ਖਾਚਾਨੋਵ ਨਾਲ ਭਿੜਨਗੇ। 31 ਸਾਲਾ ਨਡਾਲ ਨੇ ਪਿਛਲੇ ਮਹੀਨੇ 10ਵੀਂ ਵਾਰ ਫ੍ਰੈਂਚ ਓਪਨ ਖਿਤਾਬ ਜਿੱਤਿਆ ਸੀ। ਸੈਂਟਰ ਕੋਰਟ 'ਤੇ ਜਿੱਤ ਦੇ ਬਾਅਦ ਨਡਾਲ ਜਿਵੇਂ ਹੀ ਕੋਰਟ ਤੋਂ ਜਾਣ ਲੱਗੇ ਤਾਂ ਇਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਆਪਣੇ ਪ੍ਰੋਸਥੈਟਿਕ ਲੈੱਗ 'ਤੇ ਹਸਤਾਖਰ ਲਏ ਜੋ ਉਨ੍ਹਾਂ ਦਾ ਸਭ ਤੋਂ ਅਜੀਬ ਆਟੋਗ੍ਰਾਫ ਸੀ।
ਜਦਕਿ ਮਹਿਲਾ ਸਿੰਗਲ 'ਚ ਨਡਾਲ ਦੇ ਨਾਲ ਫ੍ਰੈਂਚ ਓਪਨ ਚੈਂਪੀਅਨ ਬਣੀ ਲਾਤੀਵੀਆ ਦੀ ਓਸਤਾਪੇਂਕੋ ਨੇ ਗਲਤੀਆਂ ਦੇ ਬਾਅਦ ਸੰਭਲਦੇ ਹੋਏ ਕੈਨੇਡਾ ਦੀ ਫ੍ਰੈਂਕੋਏਸ ਅਬਾਂਡਾ ਨੂੰ 4-6, 7-6, 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਵੀ ਦੂਜੇ ਦੌਰ 'ਚ ਜਿੱਤ ਦਰਜ ਕੀਤੀ। ਚੋਟੀ ਦਾ ਦਰਜਾ ਪ੍ਰਾਪਤ ਮਰੇ ਨੇ ਜਰਮਨੀ ਦੇ ਡਸਟਿਨ ਬ੍ਰਾਊਨ ਨੂੰ 6-3, 6-2, 6-2 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ। ਸਾਬਕਾ ਚੈਂਪੀਅਨ 30 ਸਾਲਾ ਮਰੇ ਜੇਕਰ ਆਪਣੇ ਖਿਤਾਬ ਦਾ ਬਚਾਅ ਕਰ ਲੈਂਦੇ ਹਨ ਤਾਂ ਉਹ 1930 'ਚ ਫ੍ਰੈਂਡ ਪੈਰੀ ਦੇ ਬਾਅਦ ਅਜਿਹਾ ਕਰਨ ਵਾਲੇ ਪਹਿਲੇ ਬ੍ਰਿਟਿਸ਼ ਟੈਨਿਸ ਖਿਡਾਰੀ ਬਣ ਜਾਣਗੇ।