ਚੈਂਪੀਅਨ ਕੇਨਿਨ ਦੀ ਹੰਝੂਆਂ ਨਾਲ ਵਿਦਾਈ, ਨਡਾਲ ਤੇ ਬਾਰਟੀ ਤੀਜੇ ਦੌਰ ’ਚ

Friday, Feb 12, 2021 - 02:28 AM (IST)

ਚੈਂਪੀਅਨ ਕੇਨਿਨ ਦੀ ਹੰਝੂਆਂ ਨਾਲ ਵਿਦਾਈ, ਨਡਾਲ ਤੇ ਬਾਰਟੀ ਤੀਜੇ ਦੌਰ ’ਚ

ਮੈਲਬੋਰਨ– ਅਮਰੀਕਾ ਦੀ ਸੋਫੀਆ ਕੇਨਿਨ ਖਿਤਾਬ ਬਚਾਉਣ ਦਾ ਦਬਾਅ ਨਹੀਂ ਝੱਲ ਸਕੀ ਤੇ ਵੀਰਵਾਰ ਨੂੰ ਦੂਜੇ ਦੌਰ ਦੇ ਮੁਕਾਬਲੇ ਵਿਚ ਲਗਾਤਾਰ ਸੈੱਟਾਂ ਵਿਚ ਹਾਰ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਜਦਕਿ ਵਿਸ਼ਵ ਦਾ ਨੰਬਰ ਦੋ ਖਿਡਾਰੀ ਸਪੇਨ ਦਾ ਰਾਫੇਲ ਨਡਾਲ ਤੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਸੰਘਰਸ਼ਪੂਰਣ ਜਿੱਤ ਦੇ ਨਾਲ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ।

PunjabKesari
22 ਸਾਲਾ ਕੇਨਿਨ ਨੂੰ ਐਸਤੋਨੀਆ ਦੀ ਤਜਰਬੇਕਾਰ ਖਿਡਾਰਨ ਕਾਇਆ ਕਾਨੇਪੀ ਨੇ ਸਿਰਫ 64 ਮਿੰਟ ਵਿਚ 6-3, 6-2 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਕੇਨਿਨ ਨੇ ਪਿਛਲੇ ਸਾਲ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ ਤੇ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚੀ ਸੀ ਪਰ ਇਸ ਵਾਰ ਉਹ ਉਸ ਪ੍ਰਦਰਸ਼ਨ ਦੇ ਨੇੜੇ-ਤੇੜੇ ਵੀ ਨਜ਼ਰ ਨਹੀਂ ਆਈ।
ਦੂਜੇ ਦੌਰ ਵਿਚ ਹਾਰ ਤੋਂ ਬਾਅਦ ਚੌਥੀ ਸੀਡ ਕੇਨਿਨ ਦੀਆਂ ਅੱਖਾਂ ਵਿਚੋਂ ਹੰਝੂ ਝਲਕ ਆਏ ਤੇ ਉਸ ਨੇ ਮੰਨਿਆ ਕਿ ਉਹ ਉਸ ਨੂੰ ਮਿਲੇ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੀ। ਉਸ ਨੇ ਇਹ ਵੀ ਮੰਨਿਆ ਕਿ ਖਿਤਾਬ ਬਚਾਉਣ ਦਾ ਦਬਾਅ ਉਸ ’ਤੇ ਭਾਰੀ ਪਿਆ। ਹਾਲਾਂਕਿ ਉਸ ਨੇ 94ਵੀਂ ਰੈਂਕਿੰਗ ਦੀ ਕਾਨੇਪੀ ਨੂੰ ਜਿੱਤ ਦਾ ਸਿਹਰਾ ਵੀ ਦਿੱਤਾ ਤੇ ਕਿਹਾ ਕਿ ਉਹ ਸ਼ਾਨਦਾਰ ਖੇਡੀ। ਰਿਕਾਰਡ 21ਵੇਂ ਗ੍ਰੈਂਡ ਸਲੈਮ ਖਿਤਾਬ ਦੀ ਭਾਲ ਵਿਚ ਲੱਗੇ ਦੂਜੀ ਸੀਡ ਤੇ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਨਡਾਲ ਦਾ ਤੀਜੇ ਦੌਰ ਵਿਚ ਬ੍ਰਿਟੇਨ ਦੇ ਕੈਮਰੂਨ ਨੋਰੀ ਨਾਲ ਮੁਕਾਬਲਾ ਹੋਵੇਗਾ।
ਇਸ ਵਿਚਾਲੇ ਚੋਟੀ ਦਰਜਾ ਪ੍ਰਾਪਤ ਬਾਰਟੀ ਨੇ ਜਿੱਤ ਦੇ ਨਾਲ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹਾਲਾਂਕਿ ਉਸ ਨੂੰ ਆਪਣੇ ਹੀ ਦੇਸ਼ ਦੀ ਵਾਈਲਡ ਕਾਰਡ ਖਿਡਾਰਨ ਡਾਰੀਆ ਗਾਵਰੀਲੋਵਾ ਨੂੰ 6-1, 76 (9-7) ਨਾਲ ਹਰਾਉਣ ਲਈ ਸੰਘਰਸ਼ ਕਰਨਾ ਪਿਆ। 5ਵਾਂ ਦਰਜਾ ਪ੍ਰਾਪਤ ਯੂਕ੍ਰੇਨ ਦੀ ਐਲਿਨਾ ਸਵਿਤੋਲੀਨਾ ਨੇ ਅਮਰੀਕਾ ਦੀ ਨੌਜਵਾਨ ਖਿਡਾਰਨ ਕੋਕੋ ਗਾਫ ਨੂੰ 6-4, 6-3 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਸਵਿਤੋਲਿਨਾ ਦਾ ਅਗਲਾ ਮੁਕਾਬਲਾ ਕਜ਼ਾਕਿਸਤਾਨ ਦੀ ਯੂਲੀਆ ਪੁਤਿਨਸੇਵਾ ਨਾਲ ਹੋਵੇਗਾ, ਜਿਸ ਨੇ ਬੈਲਜੀਅਮ ਦੀ ਐਲਿਸਨ ਵਾਨ ਨੂੰ 6-4, 1-6, 6-2 ਨਾਲ ਹਰਾਇਆ।
ਪੁਰਸ਼ ਵਰਗ ਦੇ ਇਕ ਮੈਰਾਥਨ ਮੁਕਾਬਲੇ ਵਿਚ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੇ ਆਸਟਰੇਲੀਆ ਦੇ ਵਾਈਲਡ ਕਾਰਡ ਖਿਡਾਰੀ ਥਾਨਾਸੀ ਕੋਕਿਨਾਕਿਸ ਨੂੰ 6-7 (5), 6-4, 6-1, 6-7 (5), 6-4 ਨਾਲ ਹਰਾਇਆ ਤੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਸੱਤਵੀਂ ਸੀਡ ਰੂਸ ਦਾ ਆਂਦ੍ਰੇਈ ਰੂਬਲੇਵ ਵੀ ਤੀਜੇ ਦੌਰ ਵਿਚ ਪਹੁੰਚ ਗਿਆ ਹੈ। ਰੂਬਲੇਵ ਨੇ ਬ੍ਰਾਜ਼ੀਲ ਦੇ ਤਿਆਗੋ ਮੋਂਟੇਰੋ ਨੂੰ 6-4, 6-4, 7-6 (8) ਨਾਲ ਹਰਾਇਆ। ਨੌਵੀਂ ਸੀਡ ਇਟਲੀ ਦਾ ਮਾਤਿਓ ਬੇਰੇਟਿਨੀ ਤੇ ਮਹਿਲਾਵਾਂ ਵਿਚ ਛੇਵੀਂ ਸੀਡ ਕੈਰੋਲਿਨਾ ਪਿਲਸਕੋਵਾ ਵੀ ਤੀਜੇ ਦੌਰ ਵਿਚ ਪਹੁੰਚ ਗਈ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News