ਨਾਡਾ ਨੇ ਡੋਪਿੰਗ ਮਾਮਲੇ 'ਚ ਗਲਤ ਪਹਿਲਵਾਨ ਦੀ ਪਛਾਣ ਕਰਨ 'ਤੇ ਮੰਗੀ ਮੁਆਫੀ
Sunday, Feb 02, 2020 - 10:52 AM (IST)

ਸਪੋਰਟਸ ਡੈਸਕ— ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਦਾ ਨਾਂ ਗਲਤੀ ਨਾਲ ਡੋਪ ਟੈਸਟ 'ਚ ਅਸਫਲ ਦੱਸਣ 'ਤੇ ਸ਼ਨੀਵਾਰ ਮੁਆਫੀ ਮੰਗੀ ਹੈ। ਪਹਿਲਵਾਨ ਰਵਿੰਦਰ ਕੁਮਾਰ 'ਤੇ ਡੋਪ ਟੈਸਟ 'ਚ ਅਸਫਲ ਰਹਿਣ ਕਾਰਣ ਸ਼ੁੱਕਰਵਾਰ 4 ਸਾਲ ਦੀ ਪਾਬੰਦੀ ਲਾ ਦਿੱਤੀ ਗਈ ਸੀ ਪਰ ਇਸ ਪੂਰੇ ਮਾਮਲੇ 'ਚ ਉਸ ਸਮੇਂ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ, ਜਦੋਂ ਨਾਡਾ ਨੇ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜੇਤੂ ਦੱਸਿਆ, ਜਦਕਿ ਅਜਿਹਾ ਨਹੀਂ ਸੀ। ਦਰਅਸਲ, ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਰਵਿੰਦਰ ਦਹੀਆ ਨੇ ਚਾਂਦੀ ਤਮਗਾ ਜਿੱਤਿਆ ਸੀ। ਰਵਿੰਦਰ ਦਹੀਆ ਨੇ ਕਿਹਾ ਕਿ ਨਾਡਾ ਨੇ ਉਸ ਦਾ ਟੈਸਟ ਨਹੀਂ ਕੀਤਾ ਹੈ। ਇਹ ਗਲਤੀ ਇਕੋ ਜਿਹੇ ਨਾਵਾਂ ਦੀ ਵਜ੍ਹਾ ਕਾਰਣ ਹੋਈ ਹੈ।