ਮੇਰਾ ਸਭ ਤੋਂ ਵੱਡਾ ਟੀਚਾ ਸਿੰਧੂ ਨੂੰ ਫਿਰ ਤੋਂ ਪੋਡੀਅਮ ’ਤੇ ਜਗ੍ਹਾ ਦਿਵਾਉਣਾ : ਸ਼੍ਰੀਧਰ
Wednesday, Sep 25, 2024 - 01:18 PM (IST)
ਨਵੀਂ ਦਿੱਲੀ– ਪੀ. ਵੀ. ਸਿੰਧੂ ਦੇ ਨਵੇਂ ਕੋਚ ਅਨੂਪ ਸ਼੍ਰੀਧਰ ਨੇ ਕਿਹਾ ਹੈ ਕਿ ਇਸ ਸਟਾਰ ਖਿਡਾਰਨ ਵਿਚ ਅਜੇ ਵੀ ਸਫਲਤਾ ਦੀ ਭੁੱਖ ਹੈ ਤੇ ਉਸਦਾ ਪਹਿਲਾ ਟੀਚਾ ਇਸ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣ ਵਿਚ ਮਦਦ ਕਰਨਾ ਹੈ। ਸਿੰਧੂ ਨੇ ਪੈਰਿਸ ਓਲੰਪਿਕ ਖੇਡਾ ਤੋਂ ਬਾਅਦ ਸ਼੍ਰੀਧਰ ਨੂੰ ਟ੍ਰਾਇਲ ਦੇ ਆਧਾਰ ’ਤੇ ਕੋਚ ਬਣਾਇਆ ਹੈ। ਤਿੰਨ ਓਲੰਪਿਕ ਵਿਚੋਂ ਪਹਿਲੀ ਵਾਰ ਫਰਾਂਸ ਦੀ ਰਾਜਧਾਨੀ ਵਿਚ ਬਿਨਾਂ ਤਮਗੇ ਦੇ ਪਰਤੀ ਸਿੰਧੂ ਪਿਛਲੇ ਤਿੰਨ ਹਫਤਿਆਂ ਤੋਂ ਹੈਦਰਾਬਾਦ ਦੇ ਗਚੀਬਾਓਲੀ ਸਟੇਡੀਅਮ ਵਿਚ ਬੀਜਿੰਗ ਓਲੰਪੀਅਨ ਸ਼੍ਰੀਧਰ ਦੇ ਮਾਰਗਦਰਸ਼ਨ ਵਿਚ ਟ੍ਰੇਨਿੰਗ ਕਰ ਰਹੀ ਹੈ।
ਸੰਖੇਪ ਸਮੇਂ ਲਈ ਲਕਸ਼ੈ ਸੇਨ ਨੂੰ ਵੀ ਕੋਚਿੰਗ ਦੇਣ ਵਾਲੇ 41 ਸਾਲਾ ਸ਼੍ਰੀਧਰ ਨੇ ਕਿਹਾ,‘‘ਮੈਂ ਕੁਝ ਹਫਤੇ ਪਹਿਲਾਂ ਸਿੰਧੂ ਦੀ ਟੀਮ ਨਾਲ ਗੱਲ ਕੀਤੀ ਸੀ ਤੇ ਉਹ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੈਦਰਾਬਾਦ ਵਿਚ ਮੇਰੇ ਮਾਰਗਦਰਸ਼ਨ ਵਿਚ ਟ੍ਰੇਨਿੰਗ ਕਰ ਰਹੀ ਹੈ। ਅਸੀਂ ਕਾਫੀ ਤਰੱਕੀ ਕੀਤੀ ਹੈ ਤੇ ਦੋ ਹਫਤਿਆਂ ਵਿਚ ਅਸੀਂ ਯੂਰਪ ਵਿਚ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਵਾਂਗੇ।’’
ਸਿੰਧੂ ਨੂੰ ਪੈਰਿਸ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਚੀਨ ਦੀ ਹੀ ਬਿੰਗਜਿਆਓ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੈਸ਼ਨ ਦੀ ਦੁਬਾਰਾ ਸ਼ੁਰੂਆਤ ਯੂਰਪੀਅਨ ਗੇੜ ਨਾਲ ਕਰੇਗੀ, ਜਿਸ ਵਿਚ ਫਿਨਲੈਂਡ ਦੇ ਵਾਂਤਾ ਵਿਚ ਹੋਣ ਵਾਲੇ 4 ਲੱਖ 20 ਹਜ਼ਾਰ ਡਾਲਰ ਦੀ ਇਨਾਮੀ ਵਾਲੇ ਆਰਕਟਿਕ ਓਪਨ ਤੇ ਓਡੇਨਸੇ ਵਿਚ ਹੋਣ ਵਾਲਾ 8 ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਡੈੱਨਮਾਰਕ ਓਪਨ ਵੀ ਸ਼ਾਮਲ ਹੈ।