ਮੁਸੇਟੀ ਦੀ ਸੁਨਹਿਰੀ ਮੁਹਿੰਮ ਜਾਰੀ, ਨਿਸ਼ੀਕੋਰੀ ਦਾ ਕੀਤਾ ਸ਼ਿਕਾਰ
Friday, Sep 18, 2020 - 10:04 PM (IST)
ਰੋਮ– ਇਟਲੀ ਦੇ ਨੌਜਵਾਨ ਖਿਡਾਰੀ ਲੋਰੇਂਜੋ ਮੁਸੇਟੀ ਦੀ ਰੋਮ ਵਿਚ ਚੱਲ ਰਹੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਸੁਨਹਿਰੀ ਮੁਹਿੰਮ ਜਾਰੀ ਹੈ ਤੇ ਉਸ ਨੇ ਏ. ਟੀ. ਪੀ. ਟੂਰ ਵਿਚ ਆਪਣੇ ਦੂਜੇ ਮੈਚ ਵਿਚ ਹੀ ਜਾਪਾਨ ਦੇ ਤਜਰਬੇਕਾਰ ਖਿਡਾਰੀ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੈੱਟਾਂ ਵਿਚ 6-3, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। 18 ਸਾਲਾ ਮੁਸੇਟੀ ਨੇ 2014 ਦੇ ਯੂ. ਐੱਸ. ਓਪਨ ਫਾਈਨਲਿਸਟ ਤੇ ਵਿਸ਼ਵ ਦੇ ਸਾਬਕਾ ਨੰਬਰ 4 ਖਿਡਾਰੀ ਨਿਸ਼ੀਕੋਰੀ ਨੂੰ ਹਰਾ ਕੇ ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟ ਦੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ। ਇਸ ਨੌਜਵਾਨ ਖਿਡਾਰੀ ਨੂੰ ਇਹ ਮੁਕਾਬਲਾ ਜਿੱਤਣ ਵਿਚ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। 18 ਸਾਲਾ ਮੁਸੇਟੀ ਨੇ ਸਾਲ 2019 ਵਿਚ ਪੇਸ਼ੇਵਰ ਖਿਡਾਰੀ ਬਣਨ ਤੋਂ ਪਹਿਲਾਂ ਜੂਨੀਅਰ ਪੱਧਰ 'ਤੇ 2019 ਵਿਚ ਆਸਟਰੇਲੀਅਨ ਓਪਨ ਵੀ ਜਿੱਤਿਆ ਸੀ।
ਉਸ ਨੇ ਆਪਣੀ ਸ਼ਾਨਦਾਰ ਮੁਹਿੰਮ ਨੂੰ ਲੈ ਕੇ ਕਿਹਾ,''ਮੈਂ ਹਮੇਸ਼ਾ ਇਕ ਯੋਧਾ ਤੇ ਇਕ ਲੜਾਕੂ ਖਿਡਾਰੀ ਹੋਇਆ ਕਰਦਾ ਸੀ ਪਰ ਪਿਛਲੇ ਸਾਲ ਦੌਰਾਨ ਮੈਂ ਬਹੁਤ ਉਤਾਰ-ਚੜਾਅ ਦੇਖੇ।'' ਉਸ ਨੇ ਕਿਹਾ,''ਇਸ ਮਹੀਨੇ ਮੈਂ ਖੁਦ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਤੇ ਮੈਦਾਨ 'ਤੇ ਹਾਂ-ਪੱਖੀ ਰਹਿਣ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਕਿ ਪਿਛਲੇ ਹਫਤਿਆਂ ਵਿਚ ਮੇਰਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ।''
ਮੁਸੇਟੀ ਦਾ ਅਗਲਾ ਮੁਕਾਬਲਾ ਜਰਮਨੀ ਦੇ ਕੁਆਲੀਫਾਇਰ ਡੋਮਿਨਿਕ ਕੋਪਫੇਰ ਨਾਲ ਹੋਵੇਗਾ। ਇਕ ਹੋਰ ਮੁਕਾਬਲੇ ਵਿਚ 12ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ ਕੁਆਲੀਫਾਇਰ ਪੇਡ੍ਰੋ ਮਾਰਟੀਨੇਜ ਨੂੰ 6-4, 6-4 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾ ਲਈ। ਸ਼ਾਪੋਵਾਲੋਵ ਦਾ ਕੁਆਰਟਰ ਫਾਈਨਲ ਵਿਚ ਸਥਾਨ ਬਣਾਉਣ ਲਈ ਫਰਾਂਸ ਦੇ ਯੁਗੋ ਹੰਬਟਰ ਨਾਲ ਮੁਕਾਬਲਾ ਹੋਵੇਗਾ। ਸ਼ਾਪੋਵਾਲੋਵ ਪਿਛਲੇ ਹਫਤੇ ਯੂ. ਐੱਸ. ਓਪਨ ਦੇ ਕੁਆਰਟਰ ਫਾਈਨਲ ਤਕ ਪਹੁੰਚਿਆ ਸੀ।